ਕਿਸਾਨ ਅੱਜ ਇੱਕ ਵਾਰ ਫਿਰ ਦਿੱਲੀ ਵੱਲ ਮਾਰਚ ਕਰਨਗੇ। ਅਜਿਹੇ 'ਚ ਪ੍ਰਸ਼ਾਸਨ ਅਲਰਟ ਮੋਡ 'ਤੇ ਹੈ। ਇਲਾਕੇ 'ਚ ਭਾਰੀ ਪੁਲਸ ਫੋਰਸ ਤਾਇਨਾਤ ਹੈ। ਕਿਸਾਨ ਘੱਟੋ-ਘੱਟ ਸਮਰਥਨ ਮੁੱਲ ਸਮੇਤ 13 ਮੰਗਾਂ ਨੂੰ ਲੈ ਕੇ ਸ਼ੰਭੂ ਸਰਹੱਦ ਤੋਂ ਮਾਰਚ ਕਰਨਗੇ। ਇਸ ਦੌਰਾਨ 101 ਕਿਸਾਨਾਂ ਦਾ ਜਥਾ ਦੁਪਹਿਰ 12 ਵਜੇ ਰਵਾਨਾ ਹੋਵੇਗਾ। ਜ਼ਿਕਰਯੋਗ ਹੈ ਕਿ ਕਿਸਾਨ 13 ਫਰਵਰੀ 2024 ਤੋਂ ਕਿਸਾਨੀ ਮੰਗਾਂ ਨੂੰ ਲੈ ਕੇ ਦਿੱਲੀ ਕੂਚ ਕਰ ਰਹੇ ਸਨ ਪਰ ਕਿਸਾਨਾਂ ਨੂੰ ਹਰਿਆਣਾ ਪ੍ਰਸ਼ਾਸਨ ਨੇ ਅੱਗੇ ਨਹੀਂ ਜਾਣ ਦਿੱਤਾ, ਜਿਸ ਤੋਂ ਬਾਅਦ ਕਿਸਾਨਾਂ ਨੇ ਉਥੇ ਹੀ ਪੱਕਾ ਮੋਰਚਾ ਲਾ ਦਿੱਤਾ।
ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਬੀਤੇ ਦਿਨੀਂ ਕਿਹਾ ਸੀ ਕਿ ਜੇਕਰ ਸਰਕਾਰ ਦਾ ਉਨ੍ਹਾਂ ਨੂੰ ਕੋਈ ਸੱਦਾ ਨਹੀਂ ਮਿਲਿਆ ਤਾਂ ਭਲਕੇ ਮਤਲਬ ਕਿ 8 ਦਸੰਬਰ ਨੂੰ ਮੁੜ 101 ਕਿਸਾਨਾਂ ਦਾ ਜਥਾ ਦਿੱਲੀ ਵੱਲ ਕੂਚ ਕਰੇਗਾ।
ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਕਿਹਾ ਕਿ ਸ਼ੰਭੂ ਬਾਰਡਰ ਤੋਂ 12 ਵਜੇ ਇਹ ਜਥਾ ਰਵਾਨਾ ਹੋਵੇਗਾ। ਪੰਧੇਰ ਨੇ ਕਿਹਾ ਕਿ ਸਰਕਾਰ ਗੱਲਬਾਤ ਲਈ ਤਿਆਰ ਨਹੀਂ ਹੈ, ਨਾਲ ਹੀ ਪੰਧੇਰ ਨੇ ਦੱਸਿਆ ਕਿ ਬੀਤੇ ਕੱਲ੍ਹ ਦੇ ਜਥੇ ਵਿਚ ਜ਼ਖਮੀ ਹੋਏ ਕਿਸਾਨਾਂ ਵਿਚੋਂ 16 ਕਿਸਾਨ ਅਜੇ ਵੀ ਹਸਪਤਾਲ ਵਿਚ ਜ਼ੇਰੇ ਇਲਾਜ ਹਨ।
ਪੁਲਸ ਨੇ ਅੱਥਰੂ ਗੈਸ ਦੇ ਗੋਲੇ ਸੁੱਟੇ
ਬੀਤੇ ਦਿਨੀਂ ਦਿੱਲੀ ਲਈ ਰਵਾਨਾ ਹੋਣ ਤੋਂ ਕਰੀਬ ਇਕ ਘੰਟੇ ਬਾਅਦ ਕਿਸਾਨਾਂ 'ਤੇ ਅੱਥਰੂ ਗੈਸ ਦੇ ਗੋਲੇ ਛੱਡੇ ਗਏ। ਇਸ ਕਾਰਨ ਇੱਕ ਕਿਸਾਨ ਦੀ ਸਿਹਤ ਵਿਗੜ ਗਈ। ਜਿਸ ਤੋਂ ਬਾਅਦ ਕਿਸਾਨ ਥੋੜ੍ਹਾ ਪਿੱਛੇ ਹਟ ਗਏ। ਕਿਸਾਨਾਂ ਉਤੇ ਮਿਰਚਾਂ ਵਾਲੀ ਸਪਰੇਅ ਵੀ ਛਿੜਕੀ ਗਈ। ਇਸ ਦੇ ਨਾਲ ਹੀ ਬੈਰੀਕੇਡ, ਕੰਡਿਆਲੀ ਤਾਰ ਰਾਹੀਂ ਕਿਸਾਨਾਂ ਨੂੰ ਪੈਦਲ ਵੀ ਦਿੱਲੀ ਜਾਣ ਤੋਂ ਰੋਕਿਆ ਜਾ ਰਿਹਾ ਹੈ।
ਸ਼ਾਂਤੀਪੂਰਨ ਤਰੀਕੇ ਨਾਲ ਦਿੱਲੀ ਜਾਣਾ ਚਾਹੁੰਦੇ ਹਾਂ - ਪੰਧੇਰ
ਕਿਸਾਨ ਆਗੂ ਸਰਵਣ ਪੰਧੇਰ ਨੇ ਕਿਹਾ ਕਿ ਅਸੀਂ ਸ਼ਾਂਤੀ ਨਾਲ ਜਾਣਾ ਚਾਹੁੰਦੇ ਸੀ। ਉਹ ਸਾਨੂੰ ਜੰਤਰ-ਮੰਤਰ ਜਾਂ ਰਾਮਲੀਲਾ ਮੈਦਾਨ ਵਿੱਚ ਥਾਂ ਦੇ ਦਿੰਦੇ। ਅਸੀਂ ਉੱਥੇ ਆਪਣੇ ਵਿਚਾਰ ਪ੍ਰਗਟ ਕਰ ਸਕੀਏ। ਸਾਰੀ ਦੁਨੀਆ ਦੇਖ ਰਹੀ ਹੈ ਕਿ ਸਾਡੇ ਨਾਲ ਕੀ ਕੀਤਾ ਜਾ ਰਿਹਾ ਹੈ। ਅਸੀਂ ਅੱਗੇ ਵਧਾਂਗੇ, ਸਾਨੂੰ ਉਮੀਦ ਹੈ ਕਿ ਸਰਕਾਰ ਗੱਲਬਾਤ ਦਾ ਰਾਹ ਖੋਲ੍ਹੇਗੀ। ਅਸੀਂ ਹੁਣ ਇੰਤਜ਼ਾਰ ਕਰ ਰਹੇ ਹਾਂ।
ਅੰਬਾਲਾ 'ਚ 9 ਦਸੰਬਰ ਤੱਕ ਇੰਟਰਨੈੱਟ ਬੰਦ
ਇਸ ਦੇ ਨਾਲ ਹੀ ਹਰਿਆਣਾ ਸਰਕਾਰ ਨੇ ਅੰਬਾਲਾ 'ਚ ਸ਼ੰਭੂ ਸਰਹੱਦ ਦੇ ਆਲੇ-ਦੁਆਲੇ ਦੇ ਇਲਾਕਿਆਂ 'ਚ ਇੰਟਰਨੈੱਟ ਸੇਵਾਵਾਂ ਬੰਦ ਕਰਨ ਦੇ ਹੁਕਮ ਦਿੱਤੇ ਹਨ। ਡੰਡੇਹਰੀ, ਲੋਹਗੜ੍ਹ, ਮਾਣਕਪੁਰ, ਡਡਿਆਣਾ ਮਾੜੀ ਘੱਲ, ਲਹਾਰਸਾ, ਕਾਲੂ ਮਾਜਰਾ, ਦੇਵੀਨਗਰ, ਸੁਲਤਾਨਪੁਰ, ਸੱਦੋਪੁਰ ਅਤੇ ਕੱਕੜ ਪਿੰਡਾਂ ਵਿੱਚ ਇੰਟਰਨੈੱਟ ਸੇਵਾਵਾਂ 9 ਦਸੰਬਰ ਤੱਕ ਬੰਦ ਰਹਿਣਗੀਆਂ।