ਕੇਂਦਰ ਸਰਕਾਰ ਨੇ 19 ਕਿਲੋ ਦੇ ਕਮਰਸ਼ੀਅਲ ਐਲਪੀਜੀ ਸਿਲੰਡਰ ਦੀ ਕੀਮਤ ਘਟਾ ਕੇ ਆਮ ਜਨਤਾ ਨੂੰ ਨਵੇਂ ਸਾਲ ਦਾ ਤੋਹਫ਼ਾ ਦਿੱਤਾ ਹੈ। ਤੇਲ ਮਾਰਕੀਟਿੰਗ ਕੰਪਨੀਆਂ ਨੇ ਵਪਾਰਕ ਐਲਪੀਜੀ ਸਿਲੰਡਰ ਦੀ ਕੀਮਤ 39.50 ਰੁਪਏ ਘਟਾ ਦਿੱਤੀ ਹੈ। ਹੁਣ ਦਿੱਲੀ 'ਚ 19 ਕਿਲੋ ਦਾ ਗੈਸ ਸਿਲੰਡਰ 1757.50 ਰੁਪਏ 'ਚ ਮਿਲੇਗਾ। ਹਾਲਾਂਕਿ ਘਰੇਲੂ ਐਲਪੀਜੀ ਸਿਲੰਡਰ ਦੀਆਂ ਕੀਮਤਾਂ 'ਚ ਕੋਈ ਬਦਲਾਅ ਨਹੀਂ ਹੋਇਆ ਹੈ। ਕੀਮਤਾਂ 'ਚ ਕਟੌਤੀ ਅੱਜ ਯਾਨੀ 22 ਦਸੰਬਰ ਤੋਂ ਲਾਗੂ ਹੋਵੇਗੀ।
ਐਲਪੀਜੀ ਦੀ ਕੀਮਤ 'ਚ ਕਟੌਤੀ ਨੇ ਹੋਟਲਾਂ ਤੇ ਰੈਸਟੋਰੈਂਟਾਂ ਵਰਗੇ ਕਾਰੋਬਾਰੀਆਂ ਨੂੰ ਕੁਝ ਰਾਹਤ ਦਿੱਤੀ ਹੈ। ਇਸ ਤੋਂ ਪਹਿਲਾਂ ਦਿੱਲੀ 'ਚ ਵਪਾਰਕ ਸਿਲੰਡਰ ਦੀ ਕੀਮਤ 1796.50 ਰੁਪਏ, ਮੁੰਬਈ 'ਚ 1749 ਰੁਪਏ, ਕੋਲਕਾਤਾ 'ਚ 1908 ਰੁਪਏ ਤੇ ਚੇਨਈ 'ਚ 1968.50 ਰੁਪਏ ਸੀ। ਪਰ ਹੁਣ 39.50 ਰੁਪਏ ਦੀ ਕਟੌਤੀ ਤੋਂ ਬਾਅਦ ਕਮਰਸ਼ੀਅਲ ਸਿਲੰਡਰ ਕੋਲਕਾਤਾ 'ਚ 1869 ਰੁਪਏ, ਮੁੰਬਈ 'ਚ 1710 ਰੁਪਏ ਤੇ ਚੇਨਈ 'ਚ 1929.50 ਰੁਪਏ 'ਚ ਮਿਲੇਗਾ।
ਪਿਛਲੇ ਕੁਝ ਸਮੇਂ ਤੋਂ ਵਪਾਰਕ ਰਸੋਈ ਗੈਸ ਸਿਲੰਡਰ ਦੀਆਂ ਕੀਮਤਾਂ ਲਗਭਗ ਹਰ ਮਹੀਨੇ ਘਟ ਰਹੀਆਂ ਹਨ। ਇਸ ਤੋਂ ਪਹਿਲਾਂ 19 ਕਿਲੋ ਦੇ ਐਲਪੀਜੀ ਸਿਲੰਡਰ ਦੀ ਕੀਮਤ 1 ਦਸੰਬਰ ਨੂੰ ਬਦਲੀ ਗਈ ਸੀ। ਇਸ ਦੇ ਨਾਲ ਹੀ 16 ਨਵੰਬਰ ਨੂੰ ਕਮਰਸ਼ੀਅਲ ਐਲਪੀਜੀ ਸਿਲੰਡਰ ਦੀ ਕੀਮਤ 'ਚ 57 ਰੁਪਏ ਦੀ ਕਟੌਤੀ ਕੀਤੀ ਗਈ ਸੀ।