ਨੋਇਡਾ ਵਿਖੇ ਸ਼ਹਿਰ ਭਰ ਵਿੱਚ ਦੋ ਦਿਨ ਡਰਾਈ ਡੇਅ ਐਲਾਨਿਆ ਗਿਆ ਹੈ। ਜਿਸ ਦੌਰਾਨ ਸ਼ਰਾਬ ਦੇ ਠੇਕੇ ਬੰਦ ਰਹਿਣਗੇ। ਅਜਿਹੀ ਸਥਿਤੀ ਵਿੱਚ, ਨਾ ਤਾਂ ਸ਼ਰਾਬ ਖਰੀਦ ਸਕੋਗੇ ਤੇ ਨਾ ਹੀ ਵੇਚ ਸਕੋਗੇ।
ਜਾਣਕਾਰੀ ਅਨੁਸਾਰ ਗੌਤਮ ਬੁੱਧ ਨਗਰ ਜ਼ਿਲ੍ਹੇ ਵਿੱਚ 24 ਅਪ੍ਰੈਲ ਨੂੰ ਸ਼ਾਮ 6 ਵਜੇ ਤੋਂ 26 ਅਪ੍ਰੈਲ ਦੀ ਸ਼ਾਮ 6 ਵਜੇ ਤੱਕ ਸ਼ਰਾਬ, ਬੀਅਰ ਤੇ ਹੋਰ ਨਸ਼ੀਲੇ ਪਦਾਰਥਾਂ ਦੀ ਵਿਕਰੀ ਪੂਰੀ ਤਰ੍ਹਾਂ ਬੰਦ ਰਹੇਗੀ। ਜ਼ਿਲ੍ਹਾ ਪ੍ਰਸ਼ਾਸਨ ਨੇ ਇਹ ਫੈਸਲਾ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਲਿਆ ਹੈ।
ਮੀਡੀਆ ਰਿਪੋਰਟਾਂ ਮੁਤਾਬਕ ਜ਼ਿਲ੍ਹਾ ਮੈਜਿਸਟਰੇਟ ਮਨੀਸ਼ ਕੁਮਾਰ ਨੇ ਇਹ ਨਿਰਦੇਸ਼ ਦਿੱਤੇ ਹਨ। ਹੁਕਮਾਂ ਅਨੁਸਾਰ ਜ਼ਿਲ੍ਹੇ ਵਿੱਚ 24 ਅਪ੍ਰੈਲ ਤੋਂ 26 ਅਪ੍ਰੈਲ ਤੱਕ ਸ਼ਰਾਬ ਦੀ ਖਰੀਦ-ਵੇਚ ਨਹੀਂ ਕੀਤੀ ਜਾਵੇਗੀ। ਇਸ ਤੋਂ ਇਲਾਵਾ ਨੋਇਡਾ ਦੀ ਫੂਲ ਮੰਡੀ ਫੇਜ਼-2 'ਚ 4 ਜੂਨ ਨੂੰ ਹੋਣ ਵਾਲੀ ਵੋਟਾਂ ਦੀ ਗਿਣਤੀ ਦੌਰਾਨ ਸ਼ਰਾਬ ਦੀ ਵਿਕਰੀ ਤੇ ਖਰੀਦ 'ਤੇ ਮੁਕੰਮਲ ਪਾਬੰਦੀ ਰਹੇਗੀ। ਇਸ ਦੌਰਾਨ ਬੀਅਰ ਦੀਆਂ ਦੁਕਾਨਾਂ, ਸ਼ਰਾਬ ਦੀਆਂ ਦੁਕਾਨਾਂ, ਭੰਗ ਦੀਆਂ ਦੁਕਾਨਾਂ, ਹੋਟਲ, ਬਾਰ, ਰੈਸਟੋਰੈਂਟ ਅਤੇ ਕਲੱਬ ਬੰਦ ਰਹਿਣਗੇ।