ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਅਤੇ ਮਾਤਾ ਚਰਨ ਕੌਰ ਨੇ ਨਿੱਕੇ ਸਿੱਧੂ ਮੂਸੇਵਾਲਾ ਦੀ ਇੱਕ ਤਸਵੀਰ ਸਾਂਝੀ ਕੀਤੀ ਹੈ। ਜਿਸ ਵਿਚ ਨਿੱਕੇ ਸਿੱਧੂ ਦੇ ਦਸਤਾਰ ਬੰਨ੍ਹੀ ਹੋਈ ਨਜ਼ਰ ਆ ਰਹੀ ਹੈ। ਇਹ ਤਸਵੀਰ ਪਿਤਾ ਬਲਕੌਰ ਸਿੰਘ ਵੱਲੋਂ ਸੋਸ਼ਲ ਮੀਡੀਆ ‘ਤੇ ਸਾਂਝੀ ਕੀਤੀ ਗਈ। ਪਿਤਾ ਬਲਕੌਰ ਸਿੰਘ ਨੇ ਤਸਵੀਰ ਦੇ ਨਾਲ ਹੀ ਭਾਵੁਕ ਕਰ ਦੇਣ ਵਾਲੀਆਂ ਕੁਝ ਸਤਰਾਂ ਵੀ ਲਿਖੀਆਂ ਹਨ।
ਤਸਵੀਰ ਹੇਠ ਇਹ ਲਿਖੀਆਂ ਸਤਰਾਂ
ਨਜ਼ਰਾਂ ਵਿੱਚ ਇਕ ਖਾਸ ਗਹਿਰਾਈ ਹੈ, ਜੋ ਸਾਡੀ ਜ਼ਿੰਦਗੀ ਦੀ ਹਰ ਸੱਚਾਈ ਨੂੰ ਸਮਝਦੀ ਹੈ, ਚਿਹਰੇ ਦੀ ਮਾਸੂਮੀਅਤ ਤੇ ਸ਼ਬਦਾਂ ਤੋਂ ਪਰੇ ਇਕ ਅਣਮੁੱਲਾ ਨੂਰ ਹੈ, ਜੋ ਹਮੇਸ਼ਾ ਇਹ ਮਹਿਸੂਸ ਕਰਾਉਂਦਾ ਹੈ ਕਿ ਜਿਹੜੇ ਚਿਹਰੇ ਨੂੰ ਨਮ ਅੱਖਾਂ ਨਾਲ ਅਕਾਲ ਪੁਰਖ ਨੂੰ ਸੌਪਿਆਂ ਸੀ ਉਸੇ ਚਿਹਰੇ ਦਾ ਅਕਾਲ ਪੁਰਖ ਦੀ ਮੇਹਰ ਤੇ ਸਾਰੇ ਭੈਣ-ਭਰਾਵਾਂ ਦੀਆ ਦੁਆਵਾਂ ਸਦਕਾ ਨਿੱਕੇ ਰੂਪ ਵਿਚ ਫੇਰ ਤੋਂ ਦੀਦਾਰ ਕਰ ਰਹੇ ਹਾਂ। ਅਸੀ ਵਾਹਿਗੁਰੂ ਦੀ ਸਾਡੇ ਤੇ ਹੋਈ ਅਪਾਰ ਬਖਸ਼ਿਸ਼ ਲਈ ਉਹਦੇ ਸਦਾ ਰਿਣੀ ਰਹਾਂਗੇ।
ਜਿਵੇਂ ਹੀ ਤਸਵੀਰ ਪੋਸਟ ਕੀਤੀ ਗਈ, ਇੱਕ ਘੰਟੇ ਦੇ ਅੰਦਰ ਇਸ ਨੂੰ ਲਗਭਗ 1.45 ਮਿਲੀਅਨ ਲਾਈਕਸ ਮਿਲ ਗਏ। ਜਿਵੇਂ ਹੀ ਇਹ ਫੋਟੋ ਸੋਸ਼ਲ ਮੀਡੀਆ 'ਤੇ ਆਈ, ਮੂਸੇਵਾਲਾ ਟ੍ਰੈਂਡ ਕਰਨ ਲੱਗਾ।
ਸਿੱਧੂ ਮੂਸੇਵਾਲਾ ਮਰ ਕੇ ਵੀ ਜਿਊਂਦਾ
ਜ਼ਿਕਰਯੋਗ ਹੈ ਕਿ ਪੰਜਾਬੀ ਗਾਇਕ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ ਦੇ ਕਤਲ ਨੂੰ ਦੋ ਸਾਲ ਤੋਂ ਵੱਧ ਦਾ ਸਮਾਂ ਹੋ ਗਿਆ ਹੈ। ਅੱਜ ਵੀ ਉਨ੍ਹਾਂ ਦੇ ਪ੍ਰਸ਼ੰਸਕ ਉਨ੍ਹਾਂ ਨੂੰ ਭੁੱਲ ਨਹੀਂ ਸਕੇ ਹਨ ਅਤੇ ਉਹ ਆਪਣੇ ਗੀਤਾਂ ਰਾਹੀਂ ਆਪਣੇ ਫੈਨਾਂ ਦੇ ਮਨਾਂ ਵਿਚ ਵਸੇ ਹੋਏ ਹਨ।