ਲੁਧਿਆਣਾ 'ਚ ਦੇਰ ਰਾਤ ਬਦਮਾਸ਼ਾਂ ਨੇ ਹਾਰਡੀਜ਼ ਵਰਲਡ ਬ੍ਰਿਜ 'ਤੇ ਬੈਟਰੀ ਕੰਪਨੀ ਦੇ ਕਰਮਚਾਰੀ ਕੋਲੋਂ ਕਰੀਬ 3 ਲੱਖ ਰੁਪਏ ਦੀ ਨਕਦੀ ਲੁੱਟ ਲਈ। ਕਰਮਚਾਰੀ ਦੀਆਂ ਅੱਖਾਂ 'ਚ ਮਿਰਚਾਂ ਦਾ ਪਾਊਡਰ ਪਾ ਕੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਨੌਜਵਾਨ ਪ੍ਰਿੰਸ ਲਾਡੋਵਾਲ ਸਥਿਤ ਬੈਟਰੀ ਬਣਾਉਣ ਵਾਲੀ ਫੈਕਟਰੀ ਵਿੱਚ ਕੰਮ ਕਰਦਾ ਹੈ। ਫੈਕਟਰੀ ਮਾਲਕ ਨੇ ਉਸ ਨੂੰ ਮੰਡੀ ਵਿੱਚੋਂ ਪੇਮੈਂਟ ਲੈਣ ਲਈ ਭੇਜਿਆ ਸੀ।
ਨੌਜਵਾਨ ਵਲੋਂ ਦਿੱਤੇ ਜਾ ਰਹੇ ਵੱਖ-ਵੱਖ ਬਿਆਨ
ਨੌਜਵਾਨ ਰਾਤ ਨੂੰ ਫੈਕਟਰੀ ਮਾਲਕ ਦੀ ਕਾਰ ਵਿੱਚ ਪੇਮੈਂਟ ਲੈਣ ਜਾ ਰਿਹਾ ਸੀ। ਉਸ ਕੋਲ ਕਰੀਬ 3 ਲੱਖ ਰੁਪਏ ਸਨ। ਇਸ ਦੌਰਾਨ ਰਸਤੇ ‘ਚ ਹਾਰਡੀਜ਼ ਵਰਲਡ ਬ੍ਰਿਜ ‘ਤੇ ਉਸ ਨਾਲ ਇਹ ਘਟਨਾ ਵਾਪਰੀ। ਸੂਚਨਾ ਮਿਲਦੇ ਹੀ ਪੁਲਿਸ ਅਤੇ ਬੈਟਰੀ ਕੰਪਨੀ ਦੇ ਮਾਲਕ ਮੌਕੇ 'ਤੇ ਪਹੁੰਚ ਗਏ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਉਥੇ ਹੀ ਨੌਜਵਾਨ ਵੀ ਵਾਰ-ਵਾਰ ਆਪਣੇ ਬਿਆਨ ਬਦਲ ਰਿਹਾ ਹੈ। ਨੌਜਵਾਨ ਨੇ ਦੱਸਿਆ ਕਿ ਲੁਟੇਰੇ ਉਸ ਦੀਆਂ ਅੱਖਾਂ ਵਿੱਚ ਮਿਰਚਾਂ ਪਾ ਕੇ ਉਸ ਕੋਲੋਂ ਪੈਸਿਆਂ ਨਾਲ ਭਰਿਆ ਬੈਗ ਖੋਹ ਕੇ ਉਥੋਂ ਭੱਜ ਗਏ।
ਫੈਕਟਰੀ ਮੁਲਾਜ਼ਮ ਤੋਂ ਕੀਤੀ ਜਾ ਰਹੀ ਪੁੱਛਗਿੱਛ
ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਇਹ ਮਾਮਲਾ ਸ਼ੱਕੀ ਹੈ ਅਤੇ ਮੁਲਾਜ਼ਮ ਵੱਲੋਂ ਲੁੱਟ ਦੀ ਝੂਠੀ ਕਹਾਣੀ ਘੜੀ ਜਾ ਰਹੀ ਹੈ। ਪੁਲਿਸ ਨੂੰ ਲੁੱਟ ਸਬੰਧੀ ਕੋਈ ਠੋਸ ਸਬੂਤ ਨਹੀਂ ਮਿਲ ਸਕਿਆ ਹੈ। ਪੁਲਿਸ ਫੈਕਟਰੀ ਮੁਲਾਜ਼ਮ ਤੋਂ ਪੁੱਛਗਿੱਛ ਕਰ ਰਹੀ ਹੈ।