ਲੁਧਿਆਣਾ ਦੇ ਪਾਸ਼ ਇਲਾਕੇ 'ਚ ਦੋ ਲੁਟੇਰਿਆਂ ਨੇ ਸਾਬਕਾ ਸਰਪੰਚ ਔਰਤ ਦੇ ਗਲੇ 'ਚੋਂ ਸੋਨੇ ਦੀ ਚੇਨ ਚਪਟਾ ਮਾਰ ਕੇ ਖਿੱਚ ਲਈ ਅਤੇ ਫਰਾਰ ਹੋ ਗਏ। ਇਹ ਸਾਰੀ ਘਟਨਾ ਨੇੜੇ ਲੱਗੇ ਸੀਸੀਟੀਵੀ ਵਿੱਚ ਰਿਕਾਰਡ ਹੋ ਗਈ, ਜਿਸ 'ਚ ਦੇਖਿਆ ਜਾ ਸਕਦਾ ਹੈ ਕਿ ਔਰਤ ਵੀ ਲੁਟੇਰਿਆਂ ਦੇ ਪਿੱਛੇ ਭੱਜਦੀ ਹੈ ਪਰ ਲੁਟੇਰੇ ਮੌਕੇ ਤੋਂ ਫਰਾਰ ਹੋ ਗਏ।
ਔਰਤ ਦਵਾਈ ਲੈ ਕੇ ਵਾਪਸ ਆ ਰਹੀ ਸੀ
ਪੀੜਤ ਔਰਤ ਪਰਮਿੰਦਰ ਕੌਰ ਨੇ ਦੱਸਿਆ ਕਿ ਉਹ ਪਿੰਡ ਮਾਨੇਵਾਲ ਦੀ ਸਾਬਕਾ ਸਰਪੰਚ ਹੈ ਤੇ ਆਪਣੇ ਸਹੁਰੇ ਲਈ ਘੁਮਾਰ ਮੰਡੀ ਵਿਖੇ ਦਵਾਈ ਲੈਣ ਆਈ ਸੀ। ਜਿਵੇਂ ਹੀ ਉਹ ਹਸਪਤਾਲ ਦੇ ਨੇੜੇ ਪਹੁੰਚੀ ਤਾਂ ਉੱਥੇ ਪਹਿਲਾਂ ਤੋਂ ਹੀ ਦੋ ਲੁਟੇਰੇ ਬਾਈਕ ਲੈ ਕੇ ਖੜ੍ਹੇ ਸਨ ਜਿਵੇਂ ਹੀ ਉਹ ਉਥੋਂ ਦੀ ਲੰਘ ਰਹੀ ਸੀ ਤਾਂ ਉਨ੍ਹਾਂ ਵਿੱਚੋਂ ਇੱਕ ਨੇ ਤੇਜ਼ਧਾਰ ਹਥਿਆਰ ਦਿਖਾ ਕੇ ਸੋਨੇ ਦੀ ਚੇਨ ਝਪਟਾ ਮਾਰ ਕੇ ਖੋਹ ਲਈ।
ਤੋਲੇ ਦੀ ਚੇਨ ਲੈ ਕੇ ਫ਼ਰਾਰ ਲੁਟੇਰੇ
ਉਨ੍ਹਾਂ ਨੇ ਅੱਗੇ ਦੱਸਿਆ ਕਿ ਚੇਨ ਖੋਹਣ ਤੋਂ ਬਾਅਦ ਉਸ ਨੇ ਰੌਲਾ ਪਾਇਆ ਅਤੇ ਬਦਮਾਸ਼ਾਂ ਦਾ ਪਿੱਛਾ ਕੀਤਾ ਪਰ ਉਹ ਫਰਾਰ ਹੋ ਗਏ। ਪਰਮਿੰਦਰ ਅਨੁਸਾਰ ਉਸ ਦੀ ਚੇਨ ਦਾ ਵਜ਼ਨ ਲਗਭਗ 1 ਤੋਲਾ ਸੀ। ਘਟਨਾ ਤੋਂ ਬਾਅਦ ਉਸ ਨੇ ਥਾਣਾ ਡਿਵੀਜ਼ਨ ਨੰਬਰ 8 ਵਿੱਚ ਸ਼ਿਕਾਇਤ ਦਰਜ ਕਰਵਾਈ।