ਇਟਲੀ 'ਚ ਸੜਕ ਹਾਦਸੇ 'ਚ ਪੰਜਾਬ ਦੇ ਨੌਜਵਾਨ ਦੀ ਮੌਤ ਹੋ ਗਈ। ਮ੍ਰਿਤਕ ਨੌਜਵਾਨ ਦੀ ਪਛਾਣ 24 ਸਾਲਾ ਪਰਮਵੀਰ ਸਿੰਘ ਵਾਸੀ ਲੁਧਿਆਣਾ ਵਜੋਂ ਹੋਈ ਹੈ। ਬੇਟੇ ਦੀ ਅਚਾਨਕ ਮੌਤ ਦੀ ਖਬਰ ਮਿਲਦੇ ਹੀ ਪੂਰਾ ਪਰਿਵਾਰ ਬੁਰੀ ਤਰ੍ਹਾਂ ਟੁੱਟ ਗਿਆ। ਪਰਿਵਾਰਕ ਮੈਂਬਰਾਂ ਦਾ ਰੋ-ਰੋ ਕੇ ਬੁਰਾ ਹਾਲ ਹੈ।
ਡੇਢ ਮਹੀਨਾ ਪਹਿਲਾਂ ਗਿਆ ਸੀ ਵਿਦੇਸ਼
ਜਾਣਕਾਰੀ ਅਨੁਸਾਰ ਮ੍ਰਿਤਕ ਡੇਢ ਮਹੀਨਾ ਪਹਿਲਾਂ ਹੀ ਰੋਜ਼ੀ-ਰੋਟੀ ਕਮਾਉਣ ਲਈ ਇਟਲੀ ਗਿਆ ਸੀ। ਜਾਣਕਾਰੀ ਦਿੰਦੇ ਹੋਏ ਮ੍ਰਿਤਕ ਦੇ ਭਰਾ ਲਖਬੀਰ ਸਿੰਘ ਨੇ ਦੱਸਿਆ ਕਿ ਉਸਦਾ ਭਰਾ ਪਰਮਵੀਰ ਸਿੰਘ ਰੋਜ਼ਾਨਾ ਦੀ ਤਰ੍ਹਾਂ ਆਪਣੀ ਡਿਊਟੀ 'ਤੇ ਜਾ ਰਿਹਾ ਸੀ। ਪਰ ਸੜਕ ਪਾਰ ਕਰਦੇ ਸਮੇਂ ਤੇਜ਼ ਰਫਤਾਰ ਵਾਹਨ ਨੇ ਉਸ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ ।
ਇਸ ਤੋਂ ਪਹਿਲਾਂ ਸੜਕ ਹਾਦਸੇ 'ਚ 2 ਪੰਜਾਬੀਆਂ ਦੀ ਗਈ ਸੀ ਜਾਨ
ਇਸ ਤੋਂ ਪਹਿਲਾਂ ਇਟਲੀ ਵਿੱਚ ਦੋ ਪੰਜਾਬੀਆਂ ਦੀ ਸੜਕ ਹਾਦਸੇ ਵਿੱਚ ਮੌਤ ਹੋ ਗਈ ਸੀ। ਦੋਵੇਂ ਨੌਜਵਾਨ ਕੰਮ ਤੋਂ ਬਾਅਦ ਘਰ ਪਰਤ ਰਹੇ ਸਨ। ਇਸ ਦੌਰਾਨ ਉਨ੍ਹਾਂ ਦੀ ਵੈਨ ਸਾਹਮਣੇ ਤੋਂ ਆ ਰਹੇ ਵਾਹਨ ਨਾਲ ਟਕਰਾ ਗਈ। ਟੱਕਰ ਤੋਂ ਬਾਅਦ ਵੈਨ ਪਲਟ ਗਈ। ਜਿਸ 'ਚ 64 ਸਾਲਾ ਪਾਖਰ ਸਿੰਘ ਅਤੇ 32 ਸਾਲਾ ਸੁਖਦੀਪ ਸਿੰਘ ਦੀ ਮੌਤ ਹੋ ਗਈ ਸੀ।
ਵੈਨ 'ਚ ਸਾਰੇ ਭਾਰਤੀ ਸਨ ਸਵਾਰ
ਦੱਸਿਆ ਜਾ ਰਿਹਾ ਹੈ ਕਿ ਵੈਨ 'ਚ 9 ਭਾਰਤੀ ਸਵਾਰ ਸਨ ਅਤੇ ਸਾਰੇ ਕੰਮ ਤੋਂ ਬਾਅਦ ਵਾਪਸ ਆ ਰਹੇ ਸਨ। ਇਸ ਦੌਰਾਨ ਸਾਹਮਣੇ ਤੋਂ ਆ ਰਹੇ ਵਾਹਨ ਨਾਲ ਵੈਨ ਦੀ ਟੱਕਰ ਹੋ ਗਈ। ਟੱਕਰ ਤੋਂ ਬਾਅਦ ਵੈਨ ਪਲਟ ਗਈ ਅਤੇ ਸੜਕ ਦੇ ਨਾਲ ਲੱਗਦੀ ਗਰਿੱਲ ਨਾਲ ਜਾ ਟਕਰਾਈ। ਜਿਸ 'ਚ 2 ਦੀ ਮੌਤ ਹੋ ਗਈ ਜਦਕਿ 7 ਜ਼ਖਮੀ ਹੋ ਗਏ।