ਜਲੰਧਰ ਪੱਛਮੀ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਸ਼ੀਤਲ ਅੰਗੁਰਾਲ ਸਮੇਤ 12 ਲੋਕਾਂ ਨੂੰ ਅਦਾਲਤ ਨੇ ਕੇਸ ਵਿੱਚੋਂ ਬਰੀ ਕਰ ਦਿੱਤਾ ਹੈ। ਪੁਲਸ ਕਮਿਸ਼ਨਰ ਦਫ਼ਤਰ ਨੇੜੇ ਧਰਨੇ ਨੂੰ ਲੈ ਕੇ ਨਾਮਜ਼ਦ ਵਿਧਾਇਕ ਸ਼ੀਤਲ ਅੰਗੁਰਾਲ, ਉਸ ਦੇ ਭਰਾ ਰਾਜਨ ਅੰਗੁਰਾਲ ਅਤੇ ਭਾਜਪਾ ਆਗੂ ਪ੍ਰਦੀਪ ਖੁੱਲਰ ਸਮੇਤ 12 ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਸੀ। ਇਹ ਧਰਨਾ ਸ਼ੀਤਲ ਅੰਗੁਰਾਲ ਨੇ ਭਾਜਪਾ ਵਿੱਚ ਹੁੰਦਿਆਂ ਹੀ ਲਾਇਆ ਸੀ।
ਮਾਮਲੇ ਵਿੱਚ ‘ਆਪ’ ਵਿਧਾਇਕ ਸ਼ੀਤਲ ਅੰਗੁਰਾਲ, ਭਰਾ ਰਾਜਨ ਅੰਗੁਰਾਲ, ਭਾਜਪਾ ਆਗੂ ਪ੍ਰਦੀਪ ਖੁੱਲਰ ਵਾਸੀ ਸ਼ਾਸਤਰੀ ਨਗਰ, ਤਰਸੇਮ ਸਿੰਘ, ਮਿੰਟੂ, ਮਹਿੰਦਰ ਭਗਤ, ਰਮਨ ਗਿੱਲ, ਆਸ਼ੂ ਘਈ, ਅਨਿਲ ਸੋਨਕਰ, ਵਿਨੋਦ ਭਗਤ, ਸੋਨੂੰ ਦਿਨਕਰ, ਸੰਜੇ ਕਾਲੜਾ ਨੂੰ ਸਬੂਤਾਂ ਦੀ ਘਾਟ ਕਾਰਨ ਅਦਾਲਤ ਨੇ ਬਰੀ ਕਰ ਦਿੱਤਾ।
ਥਾਣਾ ਨਈ ਬਾਰਾਂਦਰੀ ਨੇ 9 ਮਈ 2017 ਨੂੰ ਕੇਸ ਦਰਜ ਕੀਤਾ ਸੀ। ਦਰਜ ਕੀਤੇ ਗਏ ਮਾਮਲੇ ਵਿੱਚ ਕਿਹਾ ਗਿਆ ਹੈ ਕਿ ਵਿਧਾਇਕ ਸ਼ੀਤਲ ਅੰਗੁਰਾਲ ਆਪਣੇ 15-20 ਸਾਥੀਆਂ ਸਮੇਤ ਪੁਲਸ ਕਮਿਸ਼ਨਰ ਜਲੰਧਰ ਨੂੰ ਦਰਖਾਸਤ ਦੇਣ ਲਈ ਪਬਲਿਕ ਗੇਟ 'ਤੇ ਪਹੁੰਚੇ ਸੀ। ਜਿਸ ਕਾਰਨ ਲੋਕਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ।
ਪੁਲਿਸ ਨੇ ਦੋਸ਼ ਲਾਇਆ ਸੀ ਕਿ ਸਿਰਫ਼ ਸੱਤ-ਅੱਠ ਲੋਕਾਂ ਨੂੰ ਹੀ ਸ਼ਿਕਾਇਤ ਦਰਜ ਕਰਵਾਉਣ ਲਈ ਅੰਦਰ ਜਾਣ ਦਿੱਤਾ ਗਿਆ ਸੀ। ਪਰ, ਉਹ ਸਾਰੇ ਅੰਦਰ ਜਾਣਾ ਚਾਹੁੰਦੇ ਸਨ। ਜਿਸ ਕਾਰਨ ਉਨ੍ਹਾਂ ਨੇ ਗੇਟ ਦੇ ਬਾਹਰ ਧਰਨਾ ਦਿੱਤਾ। ਇਸ ਸਬੰਧੀ ਉਸ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਸੀ।