ਸਾਬਕਾ ਭਾਰਤੀ ਕਪਤਾਨ ਮਹਿੰਦਰ ਸਿੰਘ ਧੋਨੀ ਨਾਲ 15 ਕਰੋੜ ਦੀ ਧੋਖਾਦੇਹੀ ਹੋਈ ਹੈ, ਇਸ ਨੂੰ ਲੈ ਕੇ ਧੋਨੀ ਨੇ ਮਾਮਲਾ ਦਰਜ ਕਰਵਾਇਆ ਹੈ। ਧੋਨੀ ਨੇ ਅਰਕਾ ਸਪੋਰਟਸ ਐਂਡ ਮੈਨੇਜਮੈਂਟ ਲਿਮਟਿਡ ਦੇ ਮਿਹਿਰ ਦਿਵਾਕਰ ਅਤੇ ਸੌਮਿਆ ਵਿਸ਼ਵਾਸ਼ ਦੇ ਖਿਲਾਫ ਰਾਂਚੀ ਦੀ ਅਦਾਲਤ ਵਿੱਚ ਅਪਰਾਧਿਕ ਕੇਸ ਦਾਇਰ ਕੀਤਾ ਹੈ। ਮਾਹਿਰ ਦਿਵਾਕਰ ਧੋਨੀ ਦੇ ਨਜ਼ਦੀਕੀ ਦੋਸਤ ਰਹੇ ਹਨ ਅਤੇ ਉਨ੍ਹਾਂ ਦੇ ਬਿਜ਼ਨੈੱਸ ਪਾਰਟਨਰ ਵੀ ਰਹੇ ਹਨ। ਮਿਹਰ ਨੇ ਧੋਨੀ ਨਾਲ ਕਈ ਤਸਵੀਰਾਂ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆਂ ਹਨ।
ਵਿਸ਼ਵ ਭਰ ਵਿੱਚ ਕ੍ਰਿਕਟ ਅਕੈਡਮੀਆਂ ਖੋਲ੍ਹਣ ਦਾ ਕੀਤਾ ਸੀ ਸਮਝੌਤਾ
ਦਰਅਸਲ, ਮਿਹਰ ਦਿਵਾਕਰ ਨੇ ਕਥਿਤ ਤੌਰ 'ਤੇ 2017 ਵਿੱਚ ਮਹਿੰਦਰ ਸਿੰਘ ਧੋਨੀ ਨਾਲ ਵਿਸ਼ਵ ਭਰ ਵਿੱਚ ਕ੍ਰਿਕਟ ਅਕੈਡਮੀਆਂ ਖੋਲ੍ਹਣ ਲਈ ਇੱਕ ਸਮਝੌਤਾ ਕੀਤਾ ਸੀ ਪਰ ਦਿਵਾਕਰ ਨੇ ਸਮਝੌਤੇ ਵਿੱਚ ਦੱਸੀਆਂ ਸ਼ਰਤਾਂ ਦੀ ਪਾਲਣਾ ਨਹੀਂ ਕੀਤੀ। ਇਸ ਮਾਮਲੇ 'ਚ ਅਰਕਾ ਸਪੋਰਟਸ ਨੂੰ ਫਰੈਂਚਾਇਜ਼ੀ ਫੀਸ ਅਦਾ ਕਰਨੀ ਸੀ। ਸਮਝੌਤੇ ਤਹਿਤ ਮੁਨਾਫ਼ਾ ਸਾਂਝਾ ਕੀਤਾ ਜਾਣਾ ਸੀ ਪਰ ਸਮਝੌਤੇ ਦੀਆਂ ਸਾਰੀਆਂ ਸ਼ਰਤਾਂ ਦੀਆਂ ਧੱਜੀਆਂ ਉਡਾਈਆਂ ਗਈਆਂ।
15 ਕਰੋੜ ਦਾ ਹੋਇਆ ਨੁਕਸਾਨ
ਮਹਿੰਦਰ ਸਿੰਘ ਧੋਨੀ ਨੇ 15 ਅਗਸਤ, 2021 ਨੂੰ ਅਰਕਾ ਸਪੋਰਟਸ ਤੋਂ ਅਥਾਰਟੀ ਲੈਟਰ ਵਾਪਸ ਲੈ ਲਿਆ ਸੀ। ਧੋਨੀ ਨੇ ਉਨ੍ਹਾਂ ਨੂੰ ਕਈ ਕਾਨੂੰਨੀ ਨੋਟਿਸ ਭੇਜੇ, ਪਰ ਕੋਈ ਫਾਇਦਾ ਨਹੀਂ ਹੋਇਆ। ਇਸ ਤੋਂ ਬਾਅਦ ਧੋਨੀ ਦੇ ਵਕੀਲ ਦਯਾਨੰਦ ਸਿੰਘ ਨੇ ਦਾਅਵਾ ਕੀਤਾ ਹੈ ਕਿ ਅਰਕਾ ਸਪੋਰਟਸ ਨੇ ਉਸ ਨਾਲ ਧੋਖਾ ਕੀਤਾ ਹੈ, ਜਿਸ ਕਾਰਨ ਉਸ ਨੂੰ 15 ਕਰੋੜ ਰੁਪਏ ਤੋਂ ਵੱਧ ਦਾ ਨੁਕਸਾਨ ਹੋਇਆ ਹੈ।