ਮਹਾਰਾਸ਼ਟਰ ਸਰਕਾਰ ਨੇ ਨਾਂਦੇੜ ਸਥਿਤ ਤਖ਼ਤ ਸੱਚਖੰਡ ਸ੍ਰੀ ਹਜ਼ੂਰ ਅਬਚਲ ਨਗਰ ਸਾਹਿਬ ਨਾਲ ਸਬੰਧਤ ਐਕਟ ਵਿੱਚ ਸੋਧ ਕਰਨ ਵਾਲਾ ਬਿੱਲ ਵਾਪਸ ਲੈ ਲਿਆ ਹੈ। ਇਹ ਦਾਅਵਾ ਭਾਰਤੀ ਜਨਤਾ ਪਾਰਟੀ ਦੇ ਬੁਲਾਰੇ ਆਰ ਪੀ ਸਿੰਘ ਨੇ ਕੀਤਾ ਹੈ।
ਕੀ ਹੈ ਗੁਰਦੁਆਰਾ ਸੱਚਖੰਡ ਬੋਰਡ, ਨਾਂਦੇੜ?
ਨਾਂਦੇੜ, ਮਹਾਰਾਸ਼ਟਰ ਵਿੱਚ ਤਖ਼ਤ ਹਜ਼ੂਰ ਸਾਹਿਬ, ਸਿੱਖਾਂ ਦੇ ਪੰਜ ਤਖ਼ਤਾਂ ਵਿੱਚੋਂ ਇੱਕ ਹੈ ਅਤੇ ਸਿੱਖਾਂ ਦੇ 10ਵੇਂ ਗੁਰੂ, ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਇੱਥੇ ਜੋਤੀ ਜੋਤ ਸਮਾਉਣ ਕਾਰਨ ਇਤਿਹਾਸਕ ਮਹੱਤਤਾ ਹੈ। 1956 ਦੇ ਐਕਟ ਅਨੁਸਾਰ, ਗੁਰਦੁਆਰਾ ਸੱਚਖੰਡ ਬੋਰਡ, ਨਾਂਦੇੜ ਤਖ਼ਤ ਹਜ਼ੂਰ ਸਾਹਿਬ ਦਾ ਪ੍ਰਬੰਧ ਦੇਖਦਾ ਹੈ। ਇਸ ਦਾ ਸਾਲਾਨਾ ਬਜਟ ਲਗਭਗ 100 ਕਰੋੜ ਰੁਪਏ ਹੈ ਅਤੇ ਕਰੋੜਾਂ ਦੀ ਜਾਇਦਾਦ ਹੈ।
ਸ੍ਰੀ ਹਜ਼ੂਰ ਸਾਹਿਬ ਗੁਰਦੁਆਰੇ ਦਾ ਇਤਿਹਾਸ
ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਗੁਰਦੁਆਰਾ ਮਹਾਰਾਸ਼ਟਰ ਦੇ ਨਾਂਦੇੜ ਸ਼ਹਿਰ ਵਿੱਚ ਹੈ। ਇਸ ਇਤਿਹਾਸਕ ਗੁਰਦੁਆਰਾ ਸਾਹਿਬ ਦਾ ਨਾਂ ਸਿੱਖ ਧਰਮ ਦੇ ਪੰਜ ਤਖ਼ਤ ਸਾਹਿਬਾਨ ਵਿੱਚ ਵੀ ਆਉਂਦਾ ਹੈ। ਸੱਚਖੰਡ ਸ੍ਰੀ ਹਜ਼ੂਰ ਸਾਹਿਬ ਨੂੰ ਅਬਿਚਲ ਨਗਰ ਵੀ ਕਿਹਾ ਜਾਂਦਾ ਹੈ। ਇਸ ਗੁਰਦੁਆਰੇ ਦਾ ਇਤਿਹਾਸ ਦਸਵੇਂ ਗੁਰੂ ਗੋਬਿੰਦ ਸਿੰਘ ਜੀ ਨਾਲ ਜੁੜਿਆ ਹੋਇਆ ਹੈ। ਇਸੇ ਅਸਥਾਨ 'ਤੇ 7 ਅਕਤੂਬਰ 1708 ਈ: ਨੂੰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੋਤੀ ਜੋਤ ਸਮਾਏ ਸਨ। ਗੁਰੂ ਜੀ ਨੇ ਆਪਣੇ ਜੀਵਨ ਦਾ ਆਖ਼ਰੀ ਸਮਾਂ ਇਸ ਅਸਥਾਨ 'ਤੇ ਬਿਤਾਇਆ। ਇਹ ਉਹ ਅਸਥਾਨ ਹੈ, ਜਿੱਥੇ ਗੁਰੂ ਗੋਬਿੰਦ ਸਿੰਘ ਜੀ ਨੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਹੀ ਸਿੱਖਾਂ ਨੂੰ ਆਪਣਾ ਗੁਰੂ ਮੰਨਣ ਦਾ ਹੁਕਮ ਸੁਣਾਇਆ ।