ਜਲੰਧਰ ਦੇ ਪੀ ਏ ਪੀ ਗਰਾਊਂਡ ਵਿਚ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਰੈਲੀ ਹੈ। ਪ੍ਰਧਾਨ ਮੰਤਰੀ ਸੁਸ਼ੀਲ ਕੁਮਾਰ ਰਿੰਕੂ ਦੇ ਹੱਕ ਵਿਚ ਚੋਣ ਪ੍ਰਚਾਰ ਕਰਨਗੇ। ਭਾਜਪਾ ਜਲੰਧਰ ਸੀਟ ਜਿੱਤਣ ਲਈ ਪੂਰਾ ਜ਼ੋਰ ਲਾ ਰਹੀ ਹੈ। ਇਸ ਦੇ ਨਾਲ ਹੀ, ਸਾਬਕਾ ਮੰਤਰੀ ਮਨੋਰੰਜਨ ਕਾਲੀਆ ਦਾ ਬਿਆਨ ਇਸ ਬਾਰੇ ਸਾਹਮਣੇ ਆਇਆ ਹੈ। ਉਨ੍ਹਾਂ ਨੇ ਕਿਹਾ ਕਿ ਪੰਜਾਬ ਵਿੱਚ ਆਖ਼ਰੀ ਪੜਾਅ ਵਿੱਚ ਵੋਟਾਂ 1 ਜੂਨ ਨੂੰ ਪੈਣੀਆਂ ਹਨ ਤੇ ਇਸ ਨੂੰ ਲੈ ਕੇ ਲੋਕਾਂ ਵਿੱਚ ਬਹੁਤ ਉਤਸੁਕਤਾ ਹੈ। ਅਜਿਹਾ ਲਗਦਾ ਹੈ ਜਿਵੇਂ ਪੂਰਾ ਜਲੰਧਰ ਪੀ ਏ ਪੀ ਗ੍ਰਾਊਂਡ ਵਿੱਚ ਇਕੱਠਾ ਹੋਣ ਲਈ ਤਿਆਰ ਹੈ। ਪ੍ਰਧਾਨ ਮੰਤਰੀ ਮੋਦੀ ਦੀ ਸੁਰੱਖਿਆ ਬਾਰੇ ਕਿਹਾ ਕਿ ਉਹ ਕੇਂਦਰ ਦੀਆਂ ਏਜੰਸੀਆਂ ਦੀ ਨਿਗਰਾਨੀ ਹੇਠ ਹੁੰਦੀ ਹੈ। ਕਾਲੀਆ ਨੇ ਕਿਹਾ ਕਿ ਇੱਕ ਹਫ਼ਤੇ ਤੋਂ ਪ੍ਰਧਾਨ ਮੰਤਰੀ ਮੋਦੀ ਦੀ ਰੈਲੀ ਲਈ ਏਜੰਸੀਆਂ ਕੰਮ ਕਰ ਰਹੀਆਂ ਹਨ।
ਕਿਸਾਨ ਆਪਣਾ ਮੰਗ ਪੱਤਰ ਸੌਂਪਣ
ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਦੀ ਪੰਜਾਬ ਫੇਰੀ ਦੌਰਾਨ ਉਨ੍ਹਾਂ ਦੀ ਸੁਰੱਖਿਆ ਬਾਰੇ ਕੋਈ ਚਾਂਸ ਨਹੀਂ ਲਿਆ ਜਾ ਸਕਦਾ। ਇਸ ਲਈ ਸੁਰੱਖਿਆ ਏਜੰਸੀਆਂ ਪੂਰੀ ਚੌਕਸੀ ਵਰਤ ਰਹੀਆਂ ਹਨ। ਉਥੇ ਹੀ ਪ੍ਰਧਾਨ ਮੰਤਰੀ ਮੋਦੀ ਤੋਂ ਕਿਸਾਨਾਂ ਵਲੋਂ ਸਵਾਲ ਪੁੱਛਣ ਦੇ ਮਾਮਲੇ ਵਿਚ ਕਾਲੀਆ ਨੇ ਕਿਹਾ ਕਿ ਇਹ ਕਿਸਾਨਾਂ ਦੀ ਆੜ ਵਿਚ ਰਾਜਨੀਤਿਕ ਲੋਕ ਹਨ ਤੇ ਕਿਸਾਨਾਂ ਦੀ ਆੜ ਵਿਚ ਰਾਜਨੀਤੀ ਕਰ ਰਹੇ ਹਨ। ਕਾਲੀਆ ਨੇ ਕਿਹਾ ਕਿ ਜੇ ਕਿਸਾਨਾਂ ਦੀ ਕੋਈ ਮੰਗ ਹੈ, ਤਾਂ ਉਹ ਆਪਣਾ ਮੰਗ ਪੱਤਰ ਭਾਜਪਾ ਨੇਤਾਵਾਂ ਨੂੰ ਸੌਂਪ ਦੇਣ।
ਪਾਰਟੀ ਵਿਚ ਆਉਣ ਵਾਲਿਆਂ ਦਾ ਸਵਾਗਤ
ਉਨ੍ਹਾਂ ਕਿਹਾ ਕਿ ਵੋਟਿੰਗ ਕਰਨਾ ਹਰ ਕਿਸੇ ਦਾ ਹੱਕ ਹੈ। ਕਾਲੀਆ ਨੇ ਕਿਹਾ ਕਿ ਜੇਕਰ ਮੰਗਾਂ ਜਾਇਜ਼ ਹਨ ਤਾਂ ਕੇਂਦਰ ਤੱਕ ਪਹੁੰਚਾਈਆਂ ਜਾਣਗੀਆਂ। ਉਨ੍ਹਾਂ ਭਾਜਪਾ ਦੇ ਉਮੀਦਵਾਰ ਸੁਸ਼ੀਲ ਰਿੰਕੂ ਬਾਰੇ ਕਿਹਾ ਕਿ ਉਨ੍ਹਾਂ ਦੀ ਜਿੱਤ ਪੱਕੀ ਹੈ। ਇਸ ਦੌਰਾਨ ਕਾਲੀਆ ਨੇ ਕਿਹਾ ਕਿ ਜੇ ਕੋਈ ਨੇਤਾ ਭਾਜਪਾ ਦੀਆਂ ਨੀਤੀਆਂ ਤੋਂ ਪ੍ਰਭਾਵਤ ਹੋਣ ਤੋਂ ਬਾਅਦ ਪਾਰਟੀ ਵਿੱਚ ਆਉਣਾ ਚਾਹੁੰਦਾ ਹੈ, ਤਾਂ ਉਸ ਦਾ ਸਵਾਗਤ ਹੈ।