ਪੈਰਿਸ ਓਲੰਪਿਕ 'ਚ ਭਾਰਤੀ ਨਿਸ਼ਾਨੇਬਾਜ਼ ਮਨੂ ਭਾਕਰ ਨੇ ਇਤਿਹਾਸ ਰਚ ਦਿੱਤਾ ਹੈ। ਮਨੂ ਭਾਕਰ ਨੇ ਮਹਿਲਾਵਾਂ ਦੇ 10 ਮੀਟਰ ਏਅਰ ਪਿਸਟਲ ਦੇ ਫਾਈਨਲ ਵਿੱਚ ਕਾਂਸੀ ਦਾ ਤਗ਼ਮਾ ਜਿੱਤਿਆ ਹੈ। ਮਨੂ ਓਲੰਪਿਕ ਦੇ ਇਤਿਹਾਸ ਵਿੱਚ ਨਿਸ਼ਾਨੇਬਾਜ਼ੀ ਵਿੱਚ ਤਮਗਾ ਜਿੱਤਣ ਵਾਲੀ ਪਹਿਲੀ ਭਾਰਤੀ ਮਹਿਲਾ ਬਣ ਗਈ ਹੈ। ਉਸ ਨੇ 221.7 ਅੰਕ ਬਣਾਏ। ਮਨੂ ਆਪਣੀਆਂ ਦੂਜੇ ਓਲੰਪਿਕ ਖੇਡਾਂ ਵਿੱਚ ਹਿੱਸਾ ਲੈ ਰਹੀ ਹੈ। ਉਸਨੇ ਟੋਕੀਓ ਓਲੰਪਿਕ 2020 ਵਿੱਚ ਆਪਣਾ ਡੈਬਿਊ ਕੀਤਾ ਸੀ, ਪਰ ਉਦੋਂ ਉਸਦਾ ਪ੍ਰਦਰਸ਼ਨ ਕੁਝ ਖਾਸ ਨਹੀਂ ਸੀ ।
ਪੈਰਿਸ ਓਲੰਪਿਕ 2024 ਵਿੱਚ ਭਾਰਤ ਦਾ ਇਹ ਪਹਿਲਾ ਤਮਗਾ ਹੈ।ਦੱਖਣੀ ਕੋਰੀਆ ਦੇ ਰਹਿਣ ਵਾਲੇ ਓ ਯੇ ਜੀਓਨ ਨੇ 243.2 ਅੰਕਾਂ ਨਾਲ ਸੋਨ ਤਗਮਾ ਜਿੱਤਿਆ ਹੈ। ਦੂਜੇ ਸਥਾਨ 'ਤੇ ਕੋਰੀਆ ਦੀ ਕਿਮ ਯੇਜੀ ਰਹੀ ਜਿਸ ਨੇ 241.3 ਅੰਕਾਂ ਨਾਲ ਚਾਂਦੀ ਦਾ ਤਗਮਾ ਜਿੱਤਿਆ। ਜਦਕਿ ਮਨੂ ਭਾਕਰ 221.7 ਅੰਕ ਲੈ ਕੇ ਤੀਜੇ ਸਥਾਨ 'ਤੇ ਰਹੀ। ਉਸ ਨੂੰ ਕਾਂਸੀ ਦਾ ਤਗਮਾ ਮਿਲਿਆ ਹੈ।
'ਕਰਮ 'ਤੇ ਧਿਆਨ ਦਿਓ, ਪਰਿਣਾਮ 'ਤੇ ਨਹੀ'
ਮਨੂ ਭਾਕਰ ਨੇ ਕਿਹਾ ਕਿ ਜਿਵੇਂ ਭਗਵਾਨ ਕ੍ਰਿਸ਼ਨ ਕਹਿੰਦੇ ਹਨ 'ਕਰਮ 'ਤੇ ਧਿਆਨ ਦਿਓ, ਪਰਿਣਾਮ 'ਤੇ ਨਹੀ ' - ਇਹੀ ਮੈਂ ਆਖਰੀ ਪਲਾਂ ਵਿੱਚ ਕੀਤਾ ਸੀ। ਮੈਂ ਲੰਬੇ ਸਮੇਂ ਤੋਂ ਮੈਡਲ ਦੀ ਉਡੀਕ ਕਰ ਰਹੀ ਸੀ।
ਪੀਐਮ ਮੋਦੀ ਨੇ ਜਿੱਤ ਲਈ ਦਿੱਤੀ ਵਧਾਈ
ਭਾਰਤ ਨੂੰ ਨਿਸ਼ਾਨੇਬਾਜ਼ੀ ਵਿੱਚ 5ਵਾਂ ਤਮਗਾ ਮਿਲਿਆ ਹੈ
ਭਾਰਤ ਨੇ ਇਸ ਤੋਂ ਪਹਿਲਾਂ ਨਿਸ਼ਾਨੇਬਾਜ਼ੀ ਵਿੱਚ ਕੁੱਲ 4 ਓਲੰਪਿਕ ਤਮਗੇ ਜਿੱਤੇ ਸਨ, ਜਿਨ੍ਹਾਂ ਵਿੱਚ 1 ਸੋਨ, 1 ਕਾਂਸੀ ਅਤੇ 2 ਚਾਂਦੀ ਦੇ ਤਗਮੇ ਸ਼ਾਮਲ ਸਨ।
ਸਾਲ 2008 ਵਿੱਚ, ਸੋਨ ਤਗਮਾ ਕਿਸੇ ਹੋਰ ਨੇ ਨਹੀਂ ਬਲਕਿ ਮਹਾਨ ਅਭਿਨਵ ਬਿੰਦਰਾ ਨੇ ਜਿੱਤਿਆ ਸੀ। ਅਭਿਨਵ ਵਿਅਕਤੀਗਤ ਸੋਨ ਤਮਗਾ ਜਿੱਤਣ ਵਾਲਾ ਪਹਿਲਾ ਭਾਰਤੀ ਖਿਡਾਰੀ ਵੀ ਬਣਿਆ।
ਰਾਜਵਰਧਨ ਸਿੰਘ (2004 ਵਿੱਚ ਚਾਂਦੀ), ਗਗਨ ਨਾਰੰਗ (2012 ਵਿੱਚ ਕਾਂਸੀ) ਅਤੇ ਵਿਜੇ ਕੁਮਾਰ (2012 ਵਿੱਚ ਚਾਂਦੀ) ਨਿਸ਼ਾਨੇਬਾਜ਼ੀ ਵਿੱਚ ਓਲੰਪਿਕ ਤਗਮੇ ਜਿੱਤਣ ਵਾਲੇ ਹੋਰ ਭਾਰਤੀ ਖਿਡਾਰੀ ਹਨ।
ਪੈਰਿਸ ਓਲੰਪਿਕ 'ਚ ਕੀਤੀ ਜ਼ਬਰਦਸਤ ਵਾਪਸੀ
ਟੋਕੀਓ ਓਲੰਪਿਕ ਵਿੱਚ ਆਪਣੇ ਨਿਰਾਸ਼ਾਜਨਕ ਪ੍ਰਦਰਸ਼ਨ ਤੋਂ ਬਾਅਦ ਮਨੂ ਭਾਕਰ ਦਾ ਦਿਲ ਟੁੱਟ ਗਿਆ ਸੀ ਅਤੇ ਉਸਨੇ ਸ਼ੂਟਿੰਗ ਛੱਡਣ ਦਾ ਫੈਸਲਾ ਕੀਤਾ ਸੀ। ਪਰ ਆਪਣੇ ਪਰਿਵਾਰ ਅਤੇ ਕੋਚ ਦੇ ਸਹਿਯੋਗ ਨਾਲ ਉਸਨੇ ਵਾਪਸੀ ਕੀਤੀ ਅਤੇ ਪੈਰਿਸ ਓਲੰਪਿਕ ਵਿੱਚ ਕਾਂਸੀ ਦਾ ਤਗਮਾ ਜਿੱਤ ਕੇ ਭਾਰਤ ਲਈ ਇਤਿਹਾਸ ਰਚ ਦਿੱਤਾ।