ਖ਼ਬਰਿਸਤਾਨ ਨੈੱਟਵਰਕ: ਸਿੱਖਾਂ ਦੇ ਪੰਜਵੇਂ ਗੁਰੂ, ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਵਸ 'ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਉਨ੍ਹਾਂ ਦੀ ਲਾਸਾਨੀ ਸ਼ਹਾਦਤ ਨੂੰ ਯਾਦ ਕਰਦਿਆ ਪ੍ਰਣਾਮ ਕੀਤਾ| ਜਿਸ ਦੇ ਮੱਦੇਨਜ਼ਰ ਅੱਜ ਪੂਰੇ ਸੂਬੇ 'ਚ ਸਰਕਾਰੀ ਛੁੱਟੀ ਹੈ | CM ਨੇ ਟਵੀਟ ਕਰ ਸ਼ਹੀਦਾਂ ਦੇ ਸਿਰਤਾਜ, ਪੰਚਮ ਪਾਤਸ਼ਾਹ, ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਮੌਕੇ ਉਹਨਾਂ ਨੂੰ ਕੋਟਿ-ਕੋਟਿ ਪ੍ਰਣਾਮ। ਗੁਰੂ ਸਾਹਿਬ ਜੀ ਦੀ ਲਾਸਾਨੀ ਸ਼ਹਾਦਤ ਅਤੇ ਬਾਣੀ ਸਮੁੱਚੀ ਲੋਕਾਈ ਨੂੰ ਹੱਕ-ਸੱਚ ਦਾ ਮਾਰਗ ਦਿਖਾਉਂਦੀ ਰਹੇਗੀ।
ਸ੍ਰੀ ਗੁਰੂ ਅਰਜਨ ਦੇਵ ਜੀ ਦਾ ਜਨਮ
ਸ਼ਾਂਤੀ ਦੇ ਪੁੰਜ, ਸੁਖਮਨੀ ਦੇ ਰਚੇਤਾ, ਬਾਣੀ ਦੇ ਬੋਹਿਥ, ਗੁਰੂ ਗ੍ਰੰਥ ਸਾਹਿਬ ਦੇ ਸੰਪਾਦਕ ਰਚੇਤਾ, ਨਾਮ ਬਾਣੀ ਵਿਚ ਵਿਲੀਨ, ਹਰਿਮੰਦਰ ਸਾਹਿਬ ਤੇ ਤਰਨਤਾਰਨ ਸਾਹਿਬ ਦੇ ਸਿਰਜਣਹਾਰੇ-ਸ੍ਰੀ ਗੁਰੂ ਅਰਜਨ ਦੇਵ ਜੀ, ਚੌਥੇ ਪਾਤਸ਼ਾਹ ਗੁਰੂ ਰਾਮਦਾਸ ਦੇ ਸਪੁੱਤਰ ਦਾ ਜਨਮ 15 ਅਪ੍ਰੈਲ 1563 ਨੂੰ ਮਾਤਾ ਭਾਨੀ ਜੀ ਦੀ ਕੁੱਖੋਂ, ਗੋਇੰਦਵਾਲ ਵਿਖੇ ਹੋਇਆ। ਇਨ੍ਹਾਂ ਦੀ ਮਾਤਾ ਬੀਬੀ ਭਾਨੀ ਗੁਰੂ ਅਮਰਦਾਸ ਦੀ ਬੇਟੀ ਸਨ। ਗੁਰੂ ਅਰਜਨ ਸਾਹਿਬ ਦੇ ਭਰਾ ਬਾਬਾ ਪ੍ਰਿਥੀ ਚੰਦ ਤੇ ਬਾਬਾ ਮਹਾਂਦੇਵ ਸਨ। ਅੱਜ ਸ਼ਹੀਦਾਂ ਦੇ ਸਰਤਾਜ ਸ੍ਰੀ ਗੁਰੂ ਅਰਜੁਨ ਦੇਵ ਜੀ ਦਾ ਸ਼ਹੀਦੀ ਦਿਹਾੜਾ ਹੈ, ਜੋ ਕਿ ਪੂਰਾ ਸਿੱਖ ਜਗਤ ਬੜੀ ਸ਼ਰਧਾ ਅਤੇ ਭਾਵਨਾ ਨਾਲ ਮਨਾ ਰਿਹਾ ਹੈ।
ਗੁਰੂ ਜੀ ਦੇ ਜੀਵਨ ਤੇ ਸ਼ਹੀਦੀ ਬਾਰੇ
ਗੁਰੂ ਅਰਜਨ ਦੇਵ ਨੇ ਦੇਵਨਗਰੀ ਪਾਂਧੇ ਪਾਸੋਂ ਸਿੱਖੀ, ਫ਼ਾਰਸੀ ਅੱਖਰ ਪਿੰਡ ਦੇ ਮਕਤਬ ਵਿੱਚੋਂ ਸਿੱਖੇ ਤੇ ਸੰਸਕ੍ਰਿਤ ਵਿਦਿਆ, ਪੰਡਤ ਬੈਣੀ ਕੋਲੋਂ ਬੈਠ ਕੇ ਲਈ। ਗੁਰੂ ਅਰਜਨ ਦੇਵ ਜੀ ਦਾ ਵੱਡਾ ਭਰਾ ਪ੍ਰਿਥੀ ਚੰਦ, ਦੁਨਿਆਵੀਂ ਤੌਰ ਉਤੇ ਸਿਆਣਾ ਤੇ ਚਤੁਰ ਬੁੱਧੀ ਵਾਲਾ ਸੀ। ਸਾਰਾ ਕੰਮ ਕਾਰ ਇਹੀ ਸੰਭਾਲਦੇ ਸਨ ਤੇ ਇਨ੍ਹਾਂ ਦੀ ਅੱਖ ਗੁਰੂਗੱਦੀ ਉਤੇ ਸੀ। ਦੂਜੇ ਭਰਾ ਬਾਬਾ ਮਹਾਂਦੇਵ ਤਿਆਗੀ ਨਿਰਲੇਪ ਤੇ ਉਦਾਸੀ ਅਵਸਥਾ ਵਾਲੇ ਸਨ।
ਗੁਰੂ ਅਰਜਨ ਦੇਵ, ਬ੍ਰਹਮ ਗਿਆਨੀ ਅਵਸਥਾ ਵਾਲੇ, ਧੀਰਜਵਾਨ, ਨਿਮਰ, ਆਤਮ ਰਸੀਏ, ਦਿਆਲੂ, ਸਮਦਰਸੀ ਤੇ ''ਬ੍ਰਹਮ ਗਿਆਨੀ ਆਪਿ ਪ੍ਰਮੇਸੁਰ'' ਸਰੂਪ ਸਨ। ਗੁਰੂ ਅਰਜਨ ਸਾਹਿਬ ਦੀ ਰੱਬੀ ਸ਼ਖ਼ਸੀਅਤ ਦੇ ਦਰਸ਼ਨਾਂ ਦੀ ਝਲਕ, ਭੱਟਾਂ ਦੇ ਸਵਯਾਂ ਵਿੱਚੋਂ ਵੇਖਣ ਨੂੰ ਮਿਲਦੀ ਹੈ। ਭੱਟ ਬਾਣੀ ਵਿਚ ਗੁਰੂ ਸਾਹਿਬ ਨੂੰ ''ਪਰਤਖੁ ਹਰਿ'' ਕਿਹਾ ਗਿਆ ਹੈ। ਗੁਰੂ ਸਾਹਿਬ ਦੀ ਇਹੋ ਜਹੀ ਸ਼ਖ਼ਸੀਅਤ ਸੀ ਜਿਨ੍ਹਾਂ ਦੀ ਤਕਣੀ ਨਾਲ ਪਾਪਾਂ ਦਾ ਨਾਸ ਤੇ ਅਗਿਆਨਤਾ ਦਾ ਹਨੇਰਾ ਦੂਰ ਹੋ ਜਾਂਦਾ ਸੀ।
ਆਦਿ ਗ੍ਰੰਥ ਸਾਹਿਬ ਦਾ ਸੰਕਲਨ: ਗੁਰੂ ਅਰਜਨ ਦੇਵ ਜੀ ਦੀ ਇਨਸਾਨੀਅਤ ਨੂੰ ਦੇਣ ਵਿੱਚੋਂ ਆਦਿ ਗ੍ਰੰਥ ਸਾਹਿਬ ਜੀ ਦੀ ਰਚਨਾ ਸਭ ਤੋਂ ਮਹਤੱਵਪੂਰਨ ਯੋਗਦਾਨਾਂ ਵਿੱਚੋਂ ਇੱਕ ਰਹੀ ਹੈ। ਆਦਿ ਗ੍ਰੰਥ ਸਾਹਿਬ ਜੀ ਨੂੰ ਹੀ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਵੱਲੋਂ ਗੁਰੂਗੱਦੀ ਦੇ ਗੁਰੂ ਥਾਪਿਆ ਗਿਆ ਅਤੇ ਅੱਜ ਵੀ ਸਿੱਖ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਜਿਉਂਦੇ ਗੁਰੂ ਦਾ ਦਰਜਾ ਦਿੰਦੇ ਹਨ।
ਸ੍ਰੀ ਹਰਿਮੰਦਰ ਸਾਹਿਬ ਦੀ ਉਸਾਰੀ: ਸ੍ਰੀ ਗੁਰੂ ਅਰਜਨ ਦੇਵ ਜੀ ਨੇ ਅੰਮ੍ਰਿਤਸਰ, ਪੰਜਾਬ ਵਿੱਚ ਸ੍ਰੀ ਹਰਿਮੰਦਰ ਸਾਹਿਬ, ਜੋ ਕਿ ਅੱਜ ਗੋਲਡਨ ਟੈਂਪਲ ਵਜੋਂ ਵੀ ਪ੍ਰਸਿੱਧ ਹੈ, ਦੀ ਉਸਾਰੀ ਕੀਤੀ ਸੀ। ਸ੍ਰੀ ਹਰਿਮੰਦਰ ਸਾਹਿਬ ਜੀ ਦੇ ਚਾਰ ਮੁੱਖ ਦੁਆਰ ਰੱਖੇ ਗਏ ਹਨ ਜੋ ਕਿ ਸਮਾਜਿਕ ਏਕਤਾ ਦਾ ਪ੍ਰਤੀਕ ਹਨ। ਜਿਸਦਾ ਦਾ ਅਰਥ ਹੈ ਕਿ ਸਾਰੇ ਧਰਮਾਂ, ਜਾਤਾਂ ਅਤੇ ਵਰਗਾਂ ਦੇ ਲੋਕਾਂ ਦਾ ਇਸ ਧਾਰਮਿਕ ਸਥਾਨ ’ਤੇ ਸੁਆਗਤ ਹੈ। ਹਰਿਮੰਦਰ ਸਾਹਿਬ ਦਾ ਨੀਂਹ ਪੱਥਰ ਇੱਕ ਮੁਸਲਮਾਨ ਸੰਤ, ਹਜ਼ਰਤ ਮੀਆਂ ਮੀਰ ਦੁਆਰਾ ਰੱਖਿਆ ਗਿਆ ਸੀ, ਜੋ ਗੁਰੂ ਅਰਜਨ ਦੇਵ ਜੀ ਦੀ ਅੰਤਰ-ਧਰਮੀ ਸਦਭਾਵਨਾ ਪ੍ਰਤੀ ਵਚਨਬੱਧਤਾ ਨੂੰ ਦਰਸਾਉਂਦਾ ਹੈ।
ਮਨੁੱਖੀ ਭਾਈਚਾਰੇ ਦੀ ਬਰਾਬਰੀ, ਸਾਂਝੀਵਾਲਤਾ ਤੇ ਪ੍ਰਸਪਰ ਪਿਆਰ ਦੀ ਵਜ੍ਹਾ ਕਰ ਕੇ ਹਿੰਦੂ ਭਾਈਚਾਰੇ ਵਿਚ ਸਾਂਝ ਲਿਆਂਦੀ ਤੇ ਮੁਸਲਿਮ ਭਾਈਚਾਰੇ ਨਾਲ ਨਫ਼ਰਤ ਘਟੀ। ਸੂਫ਼ੀ ਫ਼ਕੀਰ ਹਜ਼ਰਤ ਮੀਆਂ ਮੀਰ ਨੇ ਹਰਿਮੰਦਰ ਸਾਹਿਬ ਦੀ ਨੀਂਹ ਰੱਖ ਕੇ ਇਸ ਸਾਂਝੀਵਾਲਤਾ ਨੂੰ ਹੋਰ ਪਰਪੱਕ ਕੀਤਾ ਪਰ ਸਾਂਝੀਵਾਲਤਾ ਦੀ ਇਹ ਲਹਿਰ ਵਕਤ ਦੇ ਹਾਕਮਾਂ ਨੂੰ ਰੜਕਣ ਲੱਗ ਪਈ।
ਮੌਲਵੀਆਂ ਤੇ ਕਾਜ਼ੀਆਂ ਨੇ ਜੋ ਇਸਲਾਮ ਦਾ ਬੋਲਬਾਲ ਚਾਹੁੰਦੇ ਸਨ, ਉਨ੍ਹਾਂ ਨੂੰ ਅਕਬਰ ਦੀ ਉਦਾਰਵਾਦੀ ਨੀਤੀ ਬਿਲਕੁਲ ਪਸੰਦ ਨਹੀਂ ਸੀ ਤੇ ਉਹ ਸ਼ਹਿਜ਼ਾਦਾ ਖ਼ੁਸਰੋ ਨੂੰ ਵੀ ਪਸੰਦ ਨਹੀਂ ਕਰਦੇ ਸਨ। ਗੁਰੂ ਅਰਜਨ ਸਾਹਿਬ ਉਪਰ ਖ਼ੁਸਰੋ ਦੀ ਮਦਦ ਦਾ ਇਲਜ਼ਾਮ ਲਾਇਆ ਗਿਆ ਤੇ ਇਹ ਸਾਜ਼ਸ਼ ਘੜੀ ਗਈ ਕਿ ਗੁਰੂ ਅਰਜਨ ਸਾਹਿਬ ਨੇ ਸ਼ਹਿਜ਼ਾਦਾ ਖ਼ੁਸਰੋ ਨੂੰ ਪਨਾਹ ਦਿੱਤੀ ਤੇ ਉਸ ਦੀਆਂ ਫ਼ੌਜਾਂ ਨੂੰ ਲੰਗਰ ਛਕਾਇਆ ਹੈ। ਅਕਬਰ ਦੇ ਰਾਜ ਵਿੱਚ ਵੀ ਸ਼ਿਕਾਇਤਾਂ ਹੁੰਦੀਆਂ ਰਹੀਆਂ ਕਿ ਗੁਰੂ ਗ੍ਰੰਥ ਸਾਹਿਬ ਵਿਚ ਪੀਰਾਂ, ਪੈਗ਼ੰਬਰਾਂ, ਸ਼ਸਤਰਾਂ ਤੇ ਕੁਰਾਨ ਸ਼ਰੀਫ਼ ਦੀ ਨਿੰਦਿਆ ਕੀਤੀ ਗਈ ਹੈ।
ਬਾਦਸ਼ਾਹ ਨੇ ਪਵਿੱਤਰ ਬਾਣੀ ਸੁਣ ਕੇ ਸੋਨੇ ਦੀਆਂ ਮੋਹਰਾਂ ਭੇਟ ਕੀਤੀਆਂ ਸਨ ਪਰ ਜਹਾਂਗੀਰ ਦੇ ਰਾਜ ਵਿੱਚ ਹਾਲਾਤ ਵੱਖਰੇ ਸਨ ਤੇ ਉਸ ਦੇ ਮਨ ਵਿੱਚ ਗੁਰੂ ਘਰ ਲਈ ਵਿਰੋਧ ਵੱਧ ਰਿਹਾ ਸੀ। ਇਨ੍ਹਾਂ ਚੁਗ਼ਲਖੋਰਾਂ ਵਿੱਚ ਪ੍ਰਿਥੀ ਚੰਦ, ਚੰਦੂ ਸ਼ਾਹ, ਸ਼ੇਖ਼ ਮੁਜੱਦਦ ਅਲਫ਼ਸਾਨੀ ਤੇ ਸ਼ੇਖ਼ ਬੁਖਾਰੀ ਸਨ ਜਿਨ੍ਹਾਂ ਨੂੰ ਗੁਰੂ ਘਰ ਵਿਰੁੱਧ ਜਹਾਂਗੀਰ ਨੂੰ ਗੁਰੂ ਸਾਹਿਬ ਵਿਰੁਧ ਝੂਠੀਆਂ ਤੋਹਮਤਾਂ ਲਾਈਆਂ। ਉਹ ਬਿਨਾਂ ਸੋਚੇ ਸਮਝੇ ਇਸ ਸ਼ੀਤਲ ਸੋਮੇ ਨੂੰ ਬੰਦ ਕਰਨ ਤੇ ਤੁਲ ਗਿਆ। ਉਨ੍ਹਾਂ ਨੇ ਜਹਾਂਗੀਰ ਬਾਦਸ਼ਾਹ ਨੂੰ ਗੁਰੂ ਅਰਜਨ ਦੇਵ ਜੀ ਵਿਰੁਧ ਖ਼ੂਬ ਭੜਕਾਇਆ ਤੇ ਖ਼ੁਸਰੋ ਦੀ ਮਦਦ ਕਰਨ ਦਾ ਵੀ ਇਲਜ਼ਾਮ ਲਗਾਇਆ।
ਜਦੋਂ ਜਹਾਂਗੀਰ ਰਾਜ ਸਿਘਾਸਣ ਉਤੇ ਬੈਠਿਆ ਤਾਂ ਮੁੱਲਾ ਮੁਲਾਣਿਆਂ ਨੇ ਉਸ ਕੋਲੋਂ ਪ੍ਰਣ ਲੈ ਲਿਆ ਸੀ ਕਿ ਉਹ ਰਾਜ ਸ਼ਾਸਨ ਦੀ ਨੀਹ ਵਿੱਚ ਸ਼ਰਾ ਨੂੰ ਹੀ ਸਭ ਕੁਝ ਸਮਝੇਗਾ। ਗੁਰੂ ਅਰਜਨ ਦੇਵ ਜੀ ਨੂੰ ਰਾਜ ਦੋਸ਼ੀ ਠਹਿਰਾਇਆ ਗਿਆ ਤੇ ਦੋਸ਼ ਨਮਿਤ ਤਿੰਨ ਲੱਖ ਰੁਪਏ ਦਾ ਜੁਰਮਾਨਾ ਕੀਤਾ ਗਿਆ। ਗੁਰੂ ਸਾਹਿਬ ਨੇ ਜੁਰਮਾਨਾ ਦੇਣ ਤੋਂ ਇਨਕਾਰ ਕਰ ਦਿਤਾ।
ਜਹਾਂਗੀਰ ਨੇ ਗੁਰੂ ਸਾਹਿਬ ਦੇ ਇਸ ਨਿਧੜਕ ਫ਼ੈਸਲੇ ਨੂੰ ਆਪਣੀ ਹੇਠੀ ਸਮਝਿਆ ਤੇ ਗੁਰੂ ਸਾਹਿਬ ਨੂੰ ਸ਼ਹੀਦ ਕਰਨ ਦਾ ਫ਼ੈਸਲਾ ਕਰ ਲਿਆ। ਉਸ ਨੇ ਅਪਣੀ ਆਤਮ ਕਥਾ ਤੋਜ਼ਕੇ-ਜਹਾਂਗੀਰੀ ਦੇ ਪੰਨਾ 35 ਉਤੇ ਲਿਖਿਆ ਹੈ ਕਿ ਗੁਰੂ ਅਰਜਨ ਦੇਵ ਨੂੰ ਬਸਿਯਾਸਤ-ਵ-ਬ-ਯਾਸਾ ਰਸਨੰਦ ਅਨੁਸਾਰ ਸ਼ਹੀਦ ਕਰ ਦਿੱਤਾ ਜਾਵੇ। ਯਾਸਾ ਤਾਂ ਉਸ ਪੁਰਸ਼ ਨੂੰ ਦਿੱਤੀ ਜਾਂਦੀ ਹੈ ਜੋ ਆਤਮਕ ਤੌਰ ਤੇ ਬਲਵਾਨ ਹੋਵੇ ਤੇ ਰਾਜਦੰਡ ਦਾ ਅਧਿਕਾਰੀ ਹੋਵੇ। ਇਹ ਤਰ੍ਹਾਂ ਦੀ ਸਜ਼ਾ ਦਾ ਮਤਲਬ ਇਹ ਹੈ ਕਿ ਅਪਰਾਧੀ ਨੂੰ ਮੌਤ ਦੀ ਸਜ਼ਾ ਦਿੰਦੇ ਉਸ ਦਾ ਖ਼ੂਨ ਜ਼ਮੀਨ ਤੇ ਨਾ ਡੁੱਲ੍ਹੇ।
ਇਸ ਤਰ੍ਹਾਂ ਜਹਾਂਗੀਰ ਦੇ ਹੁਕਮ ਅਨੁਸਾਰ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਲਾਹੌਰ ਵਿਚ 1606 ਨੂੰ ਸ਼ਹੀਦ ਕੀਤਾ ਗਿਆ। ਉਨ੍ਹਾਂ ਨੂੰ ਸ਼ਹੀਦ ਕਰਨ ਸਮੇਂ ਅਕਹਿ ਤੇ ਅਸਹਿ ਤਸੀਹੇ ਦਿੱਤੇ ਗਏ। ਉਨ੍ਹਾਂ ਨੇ ਅਕਾਲ ਪੁਰਖ ਦੇ ਹੁਕਮ ਵਿਚ ਰਹਿੰਦਿਆਂ ‘ਤੇਰਾ ਕੀਆ ਮੀਠਾ ਲਾਗੈ’ ਦੇ ਮਹਾਂਵਾਕ ਅਨੁਸਾਰ ਤੱਤੀ ਤਵੀ ਉਪਰ ਚੌਂਕੜਾ ਮਾਰ ਤੱਤਾ ਰੇਤਾ ਸੀਸ ਤੇ ਪਵਾ ਲਿਆ। ਦੇਗ ਵਿਚ ਉਬਾਲੇ ਵੀ ਖਾਧੇ ਪਰ ਜ਼ੋਰ ਤੇ ਜਬਰ ਅੱਗੇ ਸੀਸ ਨਹੀਂ ਝੁਕਾਇਆ। ਉਹ ਪਰਮਾਤਮਾ ਦੀ ਰਜ਼ਾ ਵਿਚ ਰਾਜ਼ੀ ਸਨ। ਇਸ ਮਹਾਨ ਸ਼ਹਾਦਤ ਵਾਲੇ ਸਥਾਨ ਤੇ ਰਾਵੀ ਕੰਢੇ ਲਾਹੌਰ ਵਿਖੇ ਗੁਰਦੁਆਰਾ ਡੇਰਾ ਸਾਹਿਬ ਸਥਿਤ ਹੈ।