ਹੁਸ਼ਿਆਰਪੁਰ 'ਚ ਇਕ ਸਵਿਫਟ ਡਿਜ਼ਾਇਰ ਕਾਰ ਪੁਲ ਤੋਂ ਹੇਠਾਂ ਡੂੰਘੀ ਖੱਡ 'ਚ ਡਿੱਗ ਗਈ। ਜਿਸ ਕਾਰਨ ਇਕ ਵਿਅਕਤੀ ਦੀ ਮੌਤ ਹੋ ਗਈ, ਜਦਕਿ ਕਾਰ 'ਚ ਸਵਾਰ ਦੋ ਹੋਰ ਲੋਕ ਜ਼ਖਮੀ ਹੋ ਗਏ। ਇਹ ਹਾਦਸਾ ਟਾਂਡਾ ਰੋਡ 'ਤੇ ਭੰਗੀ ਚੋਲ ਨੇੜੇ ਵਾਪਰਿਆ।
ਜਾਨਵਰ ਨੂੰ ਬਚਾਉਣ ਦੀ ਕੋਸ਼ਿਸ਼ 'ਚ ਵਾਪਰਿਆ ਹਾਦਸਾ
ਮ੍ਰਿਤਕ ਦੀ ਪਛਾਣ 55 ਸਾਲਾ ਹਰਜੀਤ ਸਿੰਘ ਵਾਸੀ ਪਿੰਡ ਹਰਦੋ ਖਾਨਪੁਰ ਵਜੋਂ ਹੋਈ ਹੈ। ਡਰਾਈਵਰ ਨੇ ਦੱਸਿਆ ਕਿ ਉਹ ਹੁਸ਼ਿਆਰਪੁਰ ਤੋਂ ਵਾਪਸ ਪਿੰਡ ਆ ਰਿਹਾ ਸੀ ਕਿ ਅਚਾਨਕ ਇੱਕ ਅਵਾਰਾ ਪਸ਼ੂ ਉਸ ਦੇ ਸਾਹਮਣੇ ਆ ਗਿਆ ਅਤੇ ਉਸ ਨੂੰ ਬਚਾਉਣ ਦੀ ਕੋਸ਼ਿਸ਼ ਦੌਰਾਨ ਕਾਰ ਬੇਕਾਬੂ ਹੋ ਕੇ ਡੂੰਘੀ ਖਾਈ ਵਿੱਚ ਜਾ ਡਿੱਗੀ। ਇਸ ਦੌਰਾਨ ਇਕ ਵਿਅਕਤੀ ਦੀ ਮੌਕੇ 'ਤੇ ਹੀ ਮੌਤ ਹੋ ਗਈ ਅਤੇ ਦੋ ਲੋਕ ਜ਼ਖਮੀ ਹੋ ਗਏ। ਹਾਦਸਾ ਇੰਨਾ ਭਿਆਨਕ ਸੀ ਕਿ ਕਾਰ ਪੂਰੀ ਤਰ੍ਹਾਂ ਚਕਨਾਚੂਰ ਹੋ ਗਈ।
ਸਕੂਲ ਬੱਸ ਅਤੇ ਪ੍ਰਾਈਵੇਟ ਬੱਸ ਵਿਚਾਲੇ ਹੋਈ ਆਹਮੋ-ਸਾਹਮਣੇ ਟੱਕਰ
ਕਪੂਰਥਲਾ 'ਚ ਸਕੂਲ ਬੱਸ ਅਤੇ ਪ੍ਰਾਈਵੇਟ ਬੱਸ ਵਿਚਾਲੇ ਟੱਕਰ ਹੋ ਗਈ। ਹਾਦਸੇ 'ਚ ਬੱਚਿਆਂ ਨੂੰ ਗੰਭੀਰ ਸੱਟਾਂ ਲੱਗੀਆਂ ਹਨ। ਸਕੂਲ ਬੱਸ ਦਾ ਕੰਡਕਟਰ ਅਤੇ ਕੇਅਰਟੇਕਰ ਮਹਿਲਾ ਜ਼ਖ਼ਮੀ ਹੋ ਗਈ। ਉਸ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਸਕੂਲ ਬੱਸ ਦਾ ਡਰਾਈਵਰ ਫਰਾਰ ਹੈ।
ਇਹ ਹਾਦਸਾ ਸੁਭਾਨਪੁਰ ਰੋਡ 'ਤੇ ਪਿੰਡ ਬੂਟ ਨੇੜੇ ਵਾਪਰਿਆ। ਮੌਕੇ 'ਤੇ ਮੌਜੂਦ ਲੋਕਾਂ ਦੀ ਮਦਦ ਨਾਲ ਜ਼ਖਮੀ ਕੇਅਰਟੇਕਰ ਔਰਤ ਅਤੇ ਸਕੂਲ ਬੱਸ ਦੇ ਕੰਡਕਟਰ ਨੂੰ ਸੁਭਾਨਪੁਰ ਦੇ ਐੱਸ.ਜੀ.ਐੱਲ ਹਸਪਤਾਲ 'ਚ ਦਾਖਲ ਕਰਵਾਇਆ ਗਿਆ।
ਪ੍ਰਿੰਸ ਬੱਸ ਨਾਲ ਹੋਈ ਟੱਕਰ
ਬਾਦਸ਼ਾਹਪੁਰ ਚੌਕੀ ਦੇ ਪੁਲਸ ਅਧਿਕਾਰੀ ਮਨਪ੍ਰੀਤ ਸਿੰਘ ਨੇ ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਪ੍ਰਿੰਸ ਬੱਸ ਦੇ ਡਰਾਈਵਰ ਮਨਜੀਤ ਸਿੰਘ ਨੂੰ ਕਾਬੂ ਕਰ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਅੱਜ ਸਵੇਰੇ ਕੈਂਬਰਿਜ ਸਕੂਲ ਬੱਸ (ਪੀਬੀ-08-ਕੇਐਫ-2453) ਅਤੇ ਪ੍ਰਿੰਸ ਬੱਸ (ਪੀਬੀ-08-ਸੀਡਬਲਯੂ-0717) ਵਿਚਕਾਰ ਪਿੰਡ ਬੂਟ ਨੇੜੇ ਆਹਮੋ-ਸਾਹਮਣੇ ਟੱਕਰ ਹੋ ਗਈ। ਜਿਸ ਤੋਂ ਬਾਅਦ ਇਹ ਸੜਕ ਕਿਨਾਰੇ ਦਰੱਖਤ ਨਾਲ ਟਕਰਾ ਗਈ।
ਦੋਵੇਂ ਬੱਸਾਂ ਨੂੰ ਕਬਜ਼ੇ 'ਚ ਲੈ ਲਿਆ ਗਿਆ
ਖੁਸ਼ਕਿਸਮਤੀ ਇਹ ਰਹੀ ਕਿ ਕੋਈ ਵੀ ਜਾਨੀ ਨੁਕਸਾਨ ਹੋਣ ਤੋਂ ਬਚ ਗਿਆ । ਹਾਦਸੇ ਵਿੱਚ ਸਕੂਲੀ ਬੱਚਿਆਂ ਨੂੰ ਮਾਮੂਲੀ ਸੱਟਾਂ ਲੱਗੀਆਂ। ਪੁਲਸ ਨੇ ਦੋਵੇਂ ਬੱਸਾਂ ਨੂੰ ਕਬਜ਼ੇ 'ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।