ਜੰਮੂ-ਕਸ਼ਮੀਰ ਵਿੱਚ ਮਾਤਾ ਵੈਸ਼ਣੋ ਦੇਵੀ ਸ਼ਰਾਈਨ ਬੋਰਡ ਵੱਲੋਂ ਇੱਕ ਪਹਿਲ ਕੀਤੀ ਗਈ ਹੈ। ਮਾਤਾ ਵੈਸ਼ਣੋ ਦੇਵੀ ਦੇ ਦਰਸ਼ਨਾਂ ਲਈ ਆਉਣ ਵਾਲੇ ਸ਼ਰਧਾਲੂਆਂ ਨੂੰ ਪ੍ਰਸ਼ਾਦ ਵਜੋਂ ਇੱਕ ਬੂਟਾ ਵੀ ਦਿੱਤਾ ਜਾਵੇਗਾ। ਮਾਤਾ ਵੈਸ਼ਣੋ ਦੇਵੀ ਦਾ ਮੰਦਰ ਰਾਜ ਦੇ ਰਿਆਸੀ ਜ਼ਿਲ੍ਹੇ ਦੇ ਕਟੜਾ ਸ਼ਹਿਰ ਦੀ ਤ੍ਰਿਕੁਟਾ ਪਹਾੜੀਆਂ 'ਤੇ ਸਥਿਤ ਹੈ।
ਮਾਤਾ ਵੈਸ਼ਣੋ ਦੇਵੀ ਸ਼੍ਰਾਈਨ ਬੋਰਡ ਦੇ ਸਹਾਇਕ ਵਣ ਸੰਰਖਿਅਕ ਵਿਨੈ ਖਜੂਰੀਆ ਨੇ ਦੱਸਿਆ ਕਿ ਨਿਹਾਰਿਕਾ ਭਵਨ ਵਿਖੇ ਇੱਕ ਆਊਟਲੈਟ ਸਥਾਪਤ ਕਰਨ ਦਾ ਫੈਸਲਾ ਕੀਤਾ ਗਿਆ ਹੈ, ਜੋ ਕਿ ਸ਼ਰਧਾਲੂਆਂ ਨੂੰ ਪ੍ਰਸ਼ਾਦ ਵਜੋਂ ਬੂਟੇ ਮੁਹੱਈਆ ਕਰਵਾਏਗਾ ਤਾਂ ਜੋ ਵਾਪਸ ਆਉਣ 'ਤੇ ਸ਼ਰਧਾਲੂ ਬੂਟੇ ਨੂੰ ਮਾਤਾ ਦੇ ਆਸ਼ੀਰਵਾਦ ਵਜੋਂ ਆਪਣੇ ਮੂਲ ਸਥਾਨਾਂ 'ਤੇ ਲਗਾ ਸਕਣ।
ਹਾਈ-ਟੈਕ ਨਰਸਰੀ ਵਿੱਚ ਤਿਆਰ ਕੀਤੇ ਜਾ ਰਹੇ
ਸ਼ਰਧਾਲੂਆਂ ਨੂੰ ਭੇਟ ਕੀਤੇ ਜਾਣ ਵਾਲੇ ਇਹ ਪੌਦੇ ਨਿਹਾਰਿਕਾ ਕੰਪਲੈਕਸ ਵਿੱਚ ਇੱਕ ਹਾਈਟੈਕ ਆਊਟਲੈਟ ਤੋਂ ਵੰਡੇ ਜਾਣਗੇ। ਇਹ ਬੂਟੇ ਕਟੜਾ ਦੇ ਪੰਥਲ ਬਲਾਕ ਦੇ ਪਿੰਡ ਕੁਨੀਆ ਵਿੱਚ ਸ਼੍ਰਾਈਨ ਬੋਰਡ ਵੱਲੋਂ ਸਥਾਪਤ ਕੀਤੀ ਗਈ ਹਾਈ-ਟੈਕ ਨਰਸਰੀ ਤੋਂ ਲਏ ਜਾਣਗੇ। ਨਰਸਰੀ ਵਿੱਚ ਸਥਾਨਕ ਮੌਸਮ ਦੇ ਅਨੁਕੂਲ ਪੌਦਿਆਂ ਦੀਆਂ ਮੂਲ ਕਿਸਮਾਂ ਤਿਆਰ ਕੀਤੀਆਂ ਜਾ ਰਹੀਆਂ ਹਨ।
ਧਰਤੀ ਨੂੰ ਗਲੋਬਲ ਵਾਰਮਿੰਗ ਤੋਂ ਬਚਾਉਣ ਦੀ ਪਹਿਲਕਦਮੀ
ਉਨ੍ਹਾਂ ਕਿਹਾ ਕਿ ਇਹ ਉਪਰਾਲਾ ਲੋਕਾਂ ਨੂੰ ਵੱਧ ਤੋਂ ਵੱਧ ਰੁੱਖ ਲਗਾਉਣ ਲਈ ਪ੍ਰੇਰਿਤ ਕਰਨ ਅਤੇ ਧਰਤੀ ਨੂੰ ਜਲਵਾਯੂ ਤਬਦੀਲੀ ਅਤੇ ਗਲੋਬਲ ਵਾਰਮਿੰਗ ਤੋਂ ਬਚਾਉਣ ਲਈ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਹਰ ਸਾਲ ਫਲੋਰੀਕਲਚਰ ਦੇ ਦੋ ਤੋਂ ਤਿੰਨ ਲੱਖ ਪੌਦੇ ਅਤੇ ਇੱਕ ਲੱਖ ਤੋਂ ਵੱਧ ਵਣ ਪ੍ਰਜਾਤੀਆਂ ਦੇ ਨਿਰਧਾਰਤ ਟੀਚੇ ਅਨੁਸਾਰ ਲਗਾਏ ਜਾਂਦੇ ਹਨ।
ਉਨ੍ਹਾਂ ਕਿਹਾ ਕਿ ਅਗਲੇ ਕੁਝ ਦਿਨਾਂ ਵਿੱਚ ਬੋਰਡ ਰਸਮੀ ਤੌਰ ’ਤੇ ਵੈਸ਼ਣੋ ਦੇਵੀ ਮੰਦਰ ਜਾਣ ਵਾਲੇ ਸ਼ਰਧਾਲੂਆਂ ਨੂੰ ਪ੍ਰਸ਼ਾਦ ਵਜੋਂ ਬੂਟੇ ਦੇਣਾ ਸ਼ੁਰੂ ਕਰ ਦੇਵੇਗਾ। ਮਾਤਾ ਰਾਣੀ ਦੇ ਆਸ਼ੀਰਵਾਦ ਵਜੋਂ ਸ਼ਰਧਾਲੂ ਆਪਣੇ ਨਾਲ ਬੂਟੇ ਲੈ ਕੇ ਜਾ ਸਕਦੇ ਹਨ।