ਪੰਜਾਬ ਸਰਕਾਰ ਅਤੇ ਡੀਸੀ ਦਫ਼ਤਰ ਦੇ ਕਰਮਚਾਰੀਆਂ ਵਿਚਕਾਰ ਚੰਡੀਗੜ੍ਹ ਵਿਖੇ ਦੁਪਹਿਰ 12.30 ਵਜੇ ਮੀਟਿੰਗ ਹੋਵੇਗੀ। ਇਸ ਮੀਟਿੰਗ ਵਿੱਚ ਡੀਸੀ ਦਫ਼ਤਰ ਦੇ ਕਰਮਚਾਰੀ ਆਪਣੀਆਂ ਮੰਗਾਂ ਸਰਕਾਰ ਅੱਗੇ ਰੱਖਣਗੇ। ਡੀਸੀ ਦਫ਼ਤਰ ਕਰਮਚਾਰੀ ਯੂਨੀਅਨ ਦਾ ਕਹਿਣਾ ਹੈ ਕਿ ਜੇਕਰ ਸਾਡੀਆਂ ਮੰਗਾਂ ਪੂਰੀਆਂ ਨਹੀਂ ਹੋਈਆਂ ਤਾਂ ਇਸ ਵਾਰ ਵੱਡਾ ਐਕਸ਼ਨ ਲਿਆ ਜਾਵੇਗਾ।
3 ਦਿਨਾਂ ਹੜਤਾਲ ਦਾ ਕੀਤਾ ਸੀ ਐਲਾਨ
ਦੱਸ ਦੇਈਏ ਕਿ ਡੀਸੀ ਦਫ਼ਤਰ ਦੇ ਕਰਮਚਾਰੀਆਂ ਨੇ ਆਪਣੀਆਂ ਮੰਗਾਂ ਨੂੰ ਲੈ ਕੇ 3 ਦਿਨਾਂ ਦੀ ਹੜਤਾਲ ਕਰਨ ਦਾ ਫੈਸਲਾ ਕੀਤਾ ਸੀ। ਕਰਮਚਾਰੀ 15 ਤੋਂ 17 ਜਨਵਰੀ ਤੱਕ ਹੜਤਾਲ 'ਤੇ ਜਾਣ ਵਾਲੇ ਸਨ। ਜਿਸ ਕਾਰਨ ਆਮ ਲੋਕਾਂ ਸਮੇਤ ਕਈ ਪ੍ਰਸ਼ਾਸਕੀ ਕੰਮ ਪ੍ਰਭਾਵਿਤ ਹੁੰਦੇ ,ਪਰ ਕਰਮਚਾਰੀਆਂ ਦੇ ਹੜਤਾਲ 'ਤੇ ਜਾਣ ਤੋਂ ਪਹਿਲਾਂ, ਸਰਕਾਰ ਨੇ ਉਨ੍ਹਾਂ ਨੂੰ ਮੀਟਿੰਗ ਲਈ ਸੱਦਾ ਦਿੱਤਾ।
ਮੰਗਾਂ ਨਾ ਪੂਰੀਆਂ ਹੋਣ 'ਤੇ ਲਿਆ ਜਾਵੇਗਾ ਵੱਡਾ ਐਕਸ਼ਨ
ਡੀਸੀ ਦਫ਼ਤਰ ਯੂਨੀਅਨ ਦੇ ਸੂਬਾ ਪ੍ਰਧਾਨ ਤੇਜਿੰਦਰ ਸਿੰਘ ਨੰਗਲ ਨੇ ਕਿਹਾ ਕਿ ਜੇਕਰ ਸਰਕਾਰ ਇਸ ਮੀਟਿੰਗ ਦੌਰਾਨ ਉਨ੍ਹਾਂ ਮੰਗਾਂ ਨੂੰ ਤੁਰੰਤ ਪੂਰਾ ਨਹੀਂ ਕਰਦੀ ਜਿਨ੍ਹਾਂ ਨੂੰ ਪੂਰਾ ਕਰਨ ਦੀ ਲੋੜ ਹੈ ਅਤੇ ਬਾਕੀ ਮੰਗਾਂ ਜਿਨ੍ਹਾਂ ਨੂੰ ਵਿੱਤ ਵਿਭਾਗ, ਪ੍ਰਸੋਨਲ ਵਿਭਾਗ ਜਾਂ ਕੈਬਨਿਟ ਦੀ ਪ੍ਰਵਾਨਗੀ ਦੀ ਲੋੜ ਹੈ, ਸਮੇਂ ਸਿਰ ਨਹੀਂ ਮੰਨੀ ਜਾਂਦੀ ਤਾਂ ਫਿਰ ਯੂਨੀਅਨ ਇੱਕ ਰਾਜ ਪੱਧਰੀ ਮੀਟਿੰਗ ਕਰੇਗੀ ਅਤੇ ਅਗਲੇਰੀ ਕਾਰਵਾਈ ਦਾ ਐਲਾਨ ਕਰੇਗੀ।