ਮੋਗਾ 'ਚ ਸ਼ਰਧਾਲੂਆਂ ਨਾਲ ਭਰੀ ਗੱਡੀ ਹਾਦਸੇ ਦਾ ਸ਼ਿਕਾਰ ਮੋਗਾ 'ਚ ਸ਼ਰਧਾਲੂਆਂ ਨਾਲ ਭਰੀ ਗੱਡੀ ਹਾਦਸੇ ਦਾ ਸ਼ਿਕਾਰ ਹੋ ਗਈ ਹੈ। ਇਸ ਹਾਦਸੇ 'ਚ 16 ਲੋਕ ਜ਼ਖਮੀ ਹੋ ਗਏ ਹਨ ਜਦਕਿ ਡਰਾਈਵਰ ਦੀ ਮੌਤ ਹੋ ਗਈ ਹੈ। ਲੋਕਾਂ ਦੀ ਮਦਦ ਨਾਲ ਜ਼ਖਮੀਆਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ। ਜਦਕਿ ਕਈ ਜ਼ਖਮੀਆਂ ਨੂੰ ਫਰੀਦਕੋਟ ਮੈਡੀਕਲ ਕਾਲਜ ਰੈਫਰ ਕਰ ਦਿੱਤਾ ਗਿਆ ਹੈ। ਜਿਨ੍ਹਾਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।
ਪਸ਼ੂ ਕਾਰਨ ਹੋਇਆ ਹਾਦਸਾ
ਦੱਸਿਆ ਜਾ ਰਿਹਾ ਹੈ ਕਿ ਸ਼ਰਧਾਲੂਆਂ ਦੇ ਟੈਂਪੂ ਟਰੈਵਲਰ ਦੇ ਸਾਹਮਣੇ ਇੱਕ ਅਵਾਰਾ ਪਸ਼ੂ ਆ ਗਿਆ ਸੀ। ਪਸ਼ੂ ਦੇ ਅਚਾਨਕ ਆਉਣ ਕਾਰਨ ਗੱਡੀ ਉਸ ਨਾਲ ਟਕਰਾ ਗਈ। ਟੱਕਰ ਤੋਂ ਬਾਅਦ ਗੱਡੀ ਪਲਟ ਗਈ ਅਤੇ ਡਿਵਾਈਡਰ ਨਾਲ ਟਕਰਾ ਗਈ। ਡਿਵਾਈਡਰ ਨਾਲ ਟਕਰਾ ਕੇ ਡਰਾਈਵਰ ਗੰਭੀਰ ਜ਼ਖ਼ਮੀ ਹੋ ਗਿਆ ਅਤੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ।
ਆਨੰਦਪੁਰ ਸਾਹਿਬ ਤੇ ਫਤਿਹਗੜ੍ਹ ਸਾਹਿਬ ਤੋਂ ਪਰਤ ਰਹੇ ਸਨ
ਸਾਰੀਆਂ ਸੰਗਤਾਂ ਆਨੰਦਪੁਰ ਸਾਹਿਬ ਅਤੇ ਫਤਹਿਗੜ੍ਹ ਸਾਹਿਬ ਵਿਖੇ ਮੱਥਾ ਟੇਕਣ ਉਪਰੰਤ ਆਪਣੇ ਪਿੰਡਾਂ ਨੂੰ ਪਰਤ ਰਹੀਆਂ ਸਨ। ਇਹ ਹਾਦਸਾ ਸ਼ਨੀਵਾਰ ਦੇਰ ਰਾਤ ਰਸਤੇ 'ਚ ਉਨ੍ਹਾਂ ਨਾਲ ਵਾਪਰਿਆ, ਜਿਸ ਵਿੱਚ ਪਰਿਵਾਰ ਦੇ ਸਾਰੇ ਜੀਆਂ ਨੂੰ ਸੱਟਾਂ ਲੱਗੀਆਂ ਹਨ।
ਜ਼ਖਮੀ ਮਨਜੋਤ ਕੌਰ ਨੇ ਬਿਆਨ ਕੀਤਾ ਆਪਣਾ ਦੁਖੜਾ
ਜ਼ਖ਼ਮੀ ਮਨਜੋਤ ਕੌਰ ਨੇ ਦੱਸਿਆ ਕਿ ਉਸ ਦਾ ਪੂਰਾ ਪਰਿਵਾਰ ਟੈਂਪੂ ਟਰੈਵਲ ਰਾਹੀਂ ਸਰਹਿੰਦ ਗਿਆ ਹੋਇਆ ਸੀ। ਰਾਤ ਨੂੰ ਵਾਪਸ ਪਿੰਡ ਪਰਤਦੇ ਸਮੇਂ ਮੋਗਾ ਆਈਟੀਆਈ ਨੇੜੇ ਸੜਕ 'ਤੇ ਇੱਕ ਪਸ਼ੂ ਆ ਗਿਆ ਅਤੇ ਕਾਰ ਹਾਦਸੇ ਦਾ ਸ਼ਿਕਾਰ ਹੋ ਗਈ। ਹਾਦਸੇ ਤੋਂ ਬਾਅਦ ਲੋਕਾਂ 'ਚ ਰੌਲਾ ਪੈ ਗਿਆ। ਇਸ ਤੋਂ ਬਾਅਦ ਲੋਕਾਂ ਨੇ ਸਾਨੂੰ ਇਲਾਜ ਲਈ ਮੋਗਾ ਦੇ ਸਿਵਲ ਹਸਪਤਾਲ 'ਚ ਦਾਖਲ ਕਰਵਾਇਆ।