ਜੰਗਲਾਤ ਵਿਭਾਗ ਦੇ ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ ਦੀ ਮੁਹਾਲੀ ਵਿੱਚ ਪੇਸ਼ੀ ਦੌਰਾਨ ਅਦਾਲਤ ਨੇ 2 ਦਿਨ ਦਾ ਰਿਮਾਂਡ ਵਧਾ ਦਿੱਤਾ ਹੈ। 3 ਦਿਨ ਦਾ ਰਿਮਾਂਡ ਪੂਰਾ ਹੋਣ ਤੋਂ ਬਾਅਦ ਅੱਜ ਉਸ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਈਡੀ ਨੇ ਮਨੀ ਲਾਂਡਰਿੰਗ ਮਾਮਲੇ ਵਿੱਚ ਸਾਧੂ ਸਿੰਘ ਧਰਮਸੋਤ ਨੂੰ ਗ੍ਰਿਫ਼ਤਾਰ ਕੀਤਾ ਹੈ।
15 ਜਨਵਰੀ ਨੂੰ ਕੀਤਾ ਗਿਆ ਗ੍ਰਿਫਤਾਰ
ਦੱਸ ਦੇਈਏ ਕਿ ਈਡੀ ਦੀ ਟੀਮ ਨੇ ਸਾਧੂ ਸਿੰਘ ਧਰਮਸੋਤ ਨੂੰ 15 ਜਨਵਰੀ ਦੀ ਸ਼ਾਮ ਨੂੰ ਗ੍ਰਿਫਤਾਰ ਕੀਤਾ ਸੀ। ਗ੍ਰਿਫਤਾਰੀ ਤੋਂ ਬਾਅਦ ਸਾਧੂ ਸਿੰਘ ਧਰਮਸੋਤ ਨੂੰ ਮੈਡੀਕਲ ਜਾਂਚ ਲਈ ਜਲੰਧਰ ਦੇ ਸਿਵਲ ਹਸਪਤਾਲ ਲਿਆਂਦਾ ਗਿਆ।
ਧਰਮਸੋਤ 'ਤੇ ਲੱਗੇ ਇਹ ਦੋਸ਼
ਸਾਬਕਾ ਮੰਤਰੀ ਸਾਧੂ ਸਿੰਘ ਧਰਮਸੋਤ 'ਤੇ ਚੰਡੀਗੜ੍ਹ ਨੇੜੇ ਮੋਹਾਲੀ 'ਚ ਜੰਗਲਾਤ ਦੀ ਜ਼ਮੀਨ ਦੀ ਇਜਾਜ਼ਤ ਦੇਣ 'ਚ ਵੱਡੇ ਘਪਲੇ ਅਤੇ ਰਿਸ਼ਵਤਖੋਰੀ ਦੇ ਦੋਸ਼ ਲੱਗੇ ਹਨ। ਦੋਸ਼ ਹੈ ਕਿ ਉਨ੍ਹਾਂ ਨੇ ਦਰੱਖਤ ਕੱਟਣ ਬਦਲੇ 500 ਰੁਪਏ ਦੀ ਰਿਸ਼ਵਤ ਲਈ ਸੀ।
ਇੰਨਾ ਹੀ ਨਹੀਂ ਉਨ੍ਹਾਂ 'ਤੇ ਨਵੇਂ ਰੁੱਖ ਲਗਾਉਣ ਦੇ ਬਦਲੇ ਰਿਸ਼ਵਤ ਲੈਣ ਦਾ ਵੀ ਦੋਸ਼ ਹੈ। ਰਿਸ਼ਵਤ ਦੇ ਪੈਸੇ ਦਾ ਕੁਝ ਹਿੱਸਾ ਸਿੱਧਾ ਧਰਮਸੋਤ ਨੂੰ ਜਾਂਦਾ ਸੀ। ਇਸ ਸਬੰਧੀ ਈਡੀ ਨੇ ਨਵੰਬਰ ਮਹੀਨੇ ਵਿੱਚ ਉਨ੍ਹਾਂ ਦੇ ਘਰ ਛਾਪੇਮਾਰੀ ਵੀ ਕੀਤੀ ਸੀ।