ਖਬਰਿਸਤਾਨ ਨੈੱਟਵਰਕ- ਪੰਜਾਬੀ ਸੰਗੀਤ ਜਗਤ ਵਿਚ ਉਸ ਸਮੇਂ ਸੋਗ ਦੀ ਲਹਿਰ ਫੈਲ ਗਈ ਜਦੋਂ ਪ੍ਰਸਿੱਧ ਪੰਜਾਬੀ ਸੰਗੀਤਕਾਰ ਚਰਨਜੀਤ ਸਿੰਘ ਅਹੂਜਾ ਦਾ ਦਿਹਾਂਤ ਹੋ ਗਿਆ। ਉਨ੍ਹਾਂ ਬੀਤੇ ਦਿਨ ਮੋਹਾਲੀ ਵਿਚ ਆਖਰੀ ਸਾਹ ਲਏ। ਉਹ 74 ਸਾਲਾਂ ਦੇ ਸਨ। ਪਿਤਾ ਦੇ ਇਸ ਦੁਨੀਆ ਤੋਂ ਚਲੇ ਜਾਣ ਕਾਰਣ ਸਚਿਨ ਅਹੂਜਾ ਨੂੰ ਗਹਿਰਾ ਸਦਮਾ ਪੁੱਜਾ ਹੈ। ਸੰਗੀਤਕਾਰ ਚਰਨਜੀਤ ਸਿੰਘ ਅਹੂਜਾ ਪੰਜ ਤੱਤਾਂ 'ਚ ਵਲੀਨ ਹੋਏ ਹਨ। ਉਨ੍ਹਾਂ ਦੇ ਵੱਡੇ ਪੁੱਤਰ ਸਚਿਨ ਨੇ ਅੰਤਿਮ ਸੰਸਕਾਰ ਦੀ ਚਿਤਾ ਨੂੰ ਅਗਨੀ ਦਿੱਤੀ। ਤਿੰਨਾਂ ਪੁੱਤਰਾਂ ਨੇ ਦੇਹ 'ਤੇ ਫੁੱਲ ਵਰਸਾਏ। ਇਸ ਦੌਰਾਨ, ਇੱਕ ਪੁੱਤਰ ਨੇ ਦੇਹ ਵੱਲ ਧਿਆਨ ਨਾਲ ਦੇਖਿਆ।
ਅੰਤਿਮ ਸੰਸਕਾਰ ਦੁਪਹਿਰ 1 ਵਜੇ ਕੀਤਾ ਗਿਆ
ਉੱਘੇ ਸੰਗੀਤਕਾਰ ਚਰਨਜੀਤ ਸਿੰਘ ਅਹੂਜਾ ਦਾ ਅੰਤਿਮ ਸਸਕਾਰ ਅੱਜ ਮੋਹਾਲੀ ਦੇ ਬਲੌਂਗੀ ਸ਼ਮਸ਼ਾਨਘਾਟ ਵਿਚ ਕੀਤਾ ਗਿਆ। ਸਮਾਂ ਦੁਪਹਿਰ 1 ਵਜੇ ਅੰਤਿਮ ਰਸਮਾਂ ਪੂਰੀਆਂ ਕਰ ਅੰਤਿਮ ਵਿਦਾਈ ਦਿੱਤੀ ਗਈ। ਦੱਸਿਆ ਜਾ ਰਿਹਾ ਹੈ ਕਿ ਕੈਂਸਰ ਦੀ ਨਾਮੁਰਾਦ ਬੀਮਾਰੀ ਨਾਲ ਲੰਬੀ ਲੜਾਈ ਤੋਂ ਬਾਅਦ ਐਤਵਾਰ ਨੂੰ ਉਨ੍ਹਾਂ ਦਾ ਦਿਹਾਂਤ ਹੋ ਗਿਆ।
ਘਰ ਅਫਸੋਸ ਕਰਨ ਲਈ ਪੁੱਜੇ ਵੱਡੀ ਗਿਣਤੀ 'ਚ ਲੋਕ
ਇਸ ਮੌਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ, ਗਾਇਕ ਦਿਲਜੀਤ ਦੋਸਾਂਝ, ਅਦਾਕਾਰਾ ਨਿਰਮਲ ਰਿਸ਼ੀ, ਗਾਇਕ ਮਾਸਟਰ ਸਲੀਮ ਅਤੇ ਹੋਰ ਕਲਾਕਾਰਾਂ ਨੇ ਉਨ੍ਹਾਂ ਦੇ ਦਿਹਾਂਤ 'ਤੇ ਦੁੱਖ ਪ੍ਰਗਟ ਕੀਤਾ ਹੈ। ਅੰਤਿਮ ਵਿਦਾਈ ਦੇਣ ਲਈ ਸਵੇਰ ਤੋਂ ਹੀ ਉਨ੍ਹਾਂ ਦੇ ਘਰ ਚਾਹੁਣ ਵਾਲਿਆਂ ਦਾ ਆਉਣਾ-ਜਾਣਾ ਲੱਗਾ ਹੋਇਆ ਹੈ।
ਸੰਗੀਤ ਦੀ ਦੁਨੀਆ ਵਿਚ ਵੱਡਾ ਨਾਂ
ਚਰਨਜੀਤ ਅਹੂਜਾ ਨੂੰ ਪੰਜਾਬੀ ਸੰਗੀਤ ਦੇ ਸ਼ਿਲਪਕਾਰ ਵਜੋਂ ਜਾਣਿਆ ਜਾਂਦਾ ਸੀ। ਉਨ੍ਹਾਂ ਦੀਆਂ ਸੁਰਾਂ ਅੱਜ ਵੀ ਲੋਕ ਗੀਤਾਂ, ਵਿਆਹਾਂ ਅਤੇ ਸੱਭਿਆਚਾਰਕ ਸਮਾਗਮਾਂ ਵਿੱਚ ਗੂੰਜਦੀਆਂ ਹਨ। ਉਨ੍ਹਾਂ ਦੀਆਂ ਸੁਰਾਂ ਨੇ 1980 ਅਤੇ 1990 ਦੇ ਦਹਾਕੇ ਵਿੱਚ ਪੰਜਾਬੀ ਸੰਗੀਤ ਉਦਯੋਗ ਨੂੰ ਇੱਕ ਨਵਾਂ ਹੁਲਾਰਾ ਦਿੱਤਾ।
ਅਹੂਜਾ ਦੀਆਂ ਸੁਰਾਂ ਨੇ ਬਹੁਤ ਸਾਰੇ ਲੋਕ ਗਾਇਕਾਂ ਨੂੰ ਰਾਤੋ ਰਾਤ ਸਟਾਰ ਬਣਾ ਦਿੱਤਾ, ਜਿਨ੍ਹਾਂ ਵਿੱਚ ਸੁਰਜੀਤ ਬਿੰਦਰੱਖੀਆ, ਕੁਲਦੀਪ ਮਾਣਕ, ਗੁਰਦਾਸ ਮਾਨ, ਚਮਕੀਲਾ, ਗੁਰਕਿਰਪਾਲ ਸੁਰਪੁਰੀ ਅਤੇ ਸਤਵਿੰਦਰ ਬੁੱਗਾ ਤੇ ਹੋਰ ਗਾਇਕ ਸ਼ਾਮਲ ਹਨ। ਉਨ੍ਹਾਂ ਨੂੰ ਪੰਜਾਬੀ ਸੰਗੀਤ ਜਗਤ ਵਿਚ ਹਮੇਸ਼ਾ ਯਾਦ ਕੀਤਾ ਜਾਵੇਗਾ।