ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (ਐਨ.ਆਈ.ਏ.) ਨੇ ਅੱਜ ਪੰਜਾਬ ਅਤੇ ਹਰਿਆਣਾ ਵਿੱਚ ਤੜਕੇ ਛਾਪੇਮਾਰੀ ਕੀਤੀ। ਟੀਮ ਬਠਿੰਡਾ ਦੇ ਕਸਬਾ ਰਾਮਪੁਰਾ ਫੂਲ ਦੇ ਸਰਾਭਾ ਨਗਰ ਵਿੱਚ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦੀ ਮਹਿਲਾ ਆਗੂ ਸੁਖਵਿੰਦਰ ਕੌਰ ਖੰਡੀ ਦੇ ਘਰ ਪਹੁੰਚੀ ਹੈ। ਇਸ ਤੋਂ ਇਲਾਵਾ ਟੀਮ ਹਰਿਆਣਾ ਦੇ ਸੋਨੀਪਤ ਸਥਿਤ ਪੰਕਜ ਤਿਆਗੀ ਦੇ ਘਰ ਪਹੁੰਚੀ।
ਭੜਕੇ ਕਿਸਾਨਾਂ ਸੜਕ ਕੀਤੀ ਜਾਮ
ਘਰ ਦੇ ਬਾਹਰ ਪੁਲਸ ਮੁਲਾਜ਼ਮ ਤਾਇਨਾਤ ਹਨ ਪਰ ਛਾਪੇਮਾਰੀ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ। ਕਿਸਾਨ ਯੂਨੀਅਨ ਕ੍ਰਾਂਤੀਕਾਰੀ ਆਗੂ ਸੁਖਵਿੰਦਰ ਕੌਰ ਖੰਡੀ ਦੇ ਘਰ ਛਾਪੇਮਾਰੀ ਨੂੰ ਲੈ ਕੇ ਭੜਕੇ ਹੋਏ ਹਨ, ਜਿਸ ਕਾਰਨ ਉਹ ਸੜਕ ਜਾਮ ਕਰਕੇ ਧਰਨੇ 'ਤੇ ਬੈਠ ਗਏ। ਯੂਨੀਅਨ ਦਾ ਕਹਿਣਾ ਹੈ ਕਿ ਜਦੋਂ ਤੱਕ ਛਾਪੇਮਾਰੀ ਦਾ ਕਾਰਨ ਸਪੱਸ਼ਟ ਨਹੀਂ ਹੋ ਜਾਂਦਾ, ਉਦੋਂ ਤੱਕ ਕਿਸੇ ਨੂੰ ਵੀ ਬਾਹਰ ਨਹੀਂ ਜਾਣ ਦਿੱਤਾ ਜਾਵੇਗਾ।
ਸੁਖਵਿੰਦਰ ਕੌਰ ਯੂਨੀਅਨ ਦੀ ਸੂਬਾ ਜਨਰਲ ਸਕੱਤਰ ਹੈ, ਐਨਆਈਏ ਦੀਆਂ ਟੀਮਾਂ ਸਵੇਰੇ ਹੀ ਉਨ੍ਹਾਂ ਦੇ ਘਰ ਪਹੁੰਚੀਆਂ। ਕਿਸੇ ਨੂੰ ਵੀ ਘਰੋਂ ਬਾਹਰ ਨਹੀਂ ਜਾਣ ਦਿੱਤਾ ਗਿਆ। ਨਾ ਹੀ ਕਿਸੇ ਨੂੰ ਫ਼ੋਨ ਆਦਿ ਕਰਨ ਦੀ ਇਜਾਜ਼ਤ ਦਿੱਤੀ ਜਾ ਰਹੀ ਸੀ। ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਪੁਰਸ਼ੋਤਮ ਮਹਾਰਾਜ ਨੇ ਦੱਸਿਆ ਕਿ ਘਰ ਵਿੱਚ ਇੱਕ 85 ਸਾਲ ਦਾ ਬਜ਼ੁਰਗ ਵੀ ਹੈ।
ਕਮਿਊਨਿਸਟ ਆਗੂ ਨੂੰ ਲਿਆ ਹਿਰਾਸਤ ਵਿਚ
ਇਸ ਦੇ ਨਾਲ ਹੀ ਟੀਮ ਹਰਿਆਣਾ ਦੇ ਸੋਨੀਪਤ 'ਚ ਵਰਧਮਾਨ ਗਾਰਡਨੀਆ ਟਾਵਰ ਰਾਏਪੁਰ 'ਚ ਕਮਿਊਨਿਸਟ ਨੇਤਾ ਪੰਕਜ ਤਿਆਗੀ ਦੇ ਘਰ ਪਹੁੰਚੀ। ਇੱਥੇ ਟੀਮ ਨੇ ਘਰ ਤੋਂ ਕੁਝ ਜ਼ਰੂਰੀ ਦਸਤਾਵੇਜ਼ ਅਤੇ ਫ਼ੋਨ ਜ਼ਬਤ ਕੀਤੇ ਅਤੇ ਪੰਕਜ ਤਿਆਗੀ ਨੂੰ ਹਿਰਾਸਤ ਵਿੱਚ ਲੈ ਲਿਆ।