ਵੈਸ਼ਨੋ ਮਾਤਾ ਦੇ ਦਰਸ਼ਨਾਂ ਲਈ ਜਾ ਰਹੇ ਸ਼ਰਧਾਲੂਆਂ ਦੀ ਬੱਸ 'ਤੇ ਹੋਏ ਅੱਤਵਾਦੀ ਹਮਲੇ ਦੀ ਜਾਂਚ ਹੁਣ ਰਾਸ਼ਟਰੀ ਜਾਂਚ ਏਜੰਸੀ (NIA) ਕਰੇਗੀ। NIA ਸੋਮਵਾਰ ਸਵੇਰੇ ਜੰਮੂ-ਕਸ਼ਮੀਰ ਦੇ ਰਿਆਸੀ 'ਚ ਫੌਜ ਤੇ ਸਥਾਨਕ ਪੁਲਸ ਦੀ ਜਾਂਚ 'ਚ ਮਦਦ ਕਰਨ ਅਤੇ ਜ਼ਮੀਨੀ ਸਥਿਤੀ ਦਾ ਜਾਇਜ਼ਾ ਲੈਣ ਪਹੁੰਚੀ।
ਅੱਤਵਾਦੀਆਂ ਨੂੰ ਲੱਭਣ ਲਈ ਫੌਜ ਦਾ ਸਰਚ ਆਪਰੇਸ਼ਨ
ਇਸ ਤੋਂ ਪਹਿਲਾਂ ਭਾਰਤੀ ਫੌਜ ਵਲੋਂ ਸੋਮਵਾਰ ਸਵੇਰੇ ਜੰਮੂ-ਕਸ਼ਮੀਰ ਦੇ ਰਿਆਸੀ 'ਚ ਤਲਾਸ਼ੀ ਮੁਹਿੰਮ ਚਲਾ ਰਹੀ ਹੈ। ਸਟੇਟ ਡਿਜ਼ਾਸਟਰ ਰਿਸਪਾਂਸ ਫੋਰਸ (NDRF) ਵੀ ਰਿਆਸੀ ਪਹੁੰਚ ਗਈ ਹੈ ਤੇ ਘਟਨਾ ਵਾਲੀ ਥਾਂ ਦੇ ਆਲੇ-ਦੁਆਲੇ ਸੰਘਣੇ ਜੰਗਲਾਂ 'ਚ ਤਲਾਸ਼ੀ ਮੁਹਿੰਮ 'ਚ ਡਰੋਨ ਦੀ ਵਰਤੋਂ ਵੀ ਕੀਤੀ ਜਾ ਰਹੀ ਹੈ।
ਸ਼ਰਧਾਲੂਆਂ ਨੂੰ ਵੈਸ਼ਨੋ ਦੇਵੀ ਲੈ ਕੇ ਜਾ ਰਹੀ ਸੀ ਬੱਸ
ਐਤਵਾਰ ਸ਼ਾਮ ਕਰੀਬ 6:15 ਵਜੇ ਗੋਲੀਬਾਰੀ ਤੋਂ ਬਾਅਦ 53 ਸੀਟਰ ਬੱਸ ਸੜਕ ਤੋਂ ਉਤਰ ਕੇ ਡੂੰਘੀ ਖੱਡ ਵਿੱਚ ਜਾ ਡਿੱਗੀ। ਅੱਤਵਾਦੀਆਂ ਨੇ ਬੱਸ 'ਤੇ ਉਸ ਸਮੇਂ ਗੋਲੀਬਾਰੀ ਕੀਤੀ ਜਦੋਂ ਇਹ ਪੋਨੀ ਖੇਤਰ ਦੇ ਟੇਰਿਆਥ ਪਿੰਡ ਨੇੜੇ ਸ਼ਿਵ ਖੋਰੀ ਮੰਦਰ ਤੋਂ ਕਟੜਾ ਸਥਿਤ ਮਾਤਾ ਵੈਸ਼ਨੋ ਦੇਵੀ ਮੰਦਰ ਜਾ ਰਹੀ ਸੀ।
ਘਟਨਾ ਦੀ ਸੀਸੀਟੀਵੀ ਫੁਟੇਜ ਵੀ ਆਈ ਸਾਹਮਣੇ
ਇਸ ਅੱਤਵਾਦੀ ਹਮਲੇ 'ਚ ਹੁਣ ਤੱਕ 10 ਲੋਕਾਂ ਦੀ ਜਾਨ ਜਾ ਚੁੱਕੀ ਹੈ। ਜਦਕਿ 32 ਲੋਕ ਜ਼ਖਮੀ ਹੋਏ ਹਨ। ਹੁਣ ਇਸ ਘਟਨਾ ਤੋਂ ਪਹਿਲਾਂ ਦੀ ਸੀਸੀਟੀਵੀ ਫੁਟੇਜ ਸਾਹਮਣੇ ਆਈ ਹੈ। ਵੀਡੀਓ 'ਚ ਬੱਸ ਸੜਕ 'ਤੇ ਦੌੜਦੀ ਦਿਖਾਈ ਦੇ ਰਹੀ ਹੈ।
ਅੱਤਵਾਦੀਆਂ ਨੇ ਪਾਈ ਸੀ ਫੌਜ ਦੀ ਵਰਦੀ
ਜ਼ਖਮੀ ਸੰਤੋਸ਼ ਕੁਮਾਰ ਨੇ ਦੱਸਿਆ ਕਿ ਅੱਤਵਾਦੀਆਂ ਨੇ ਫੌਜ ਦੀ ਵਰਦੀ ਪਾਈ ਹੋਈ ਸੀ। ਉਨ੍ਹਾਂ ਨੇ ਮੂੰਹ ਬੰਨ੍ਹਿਆ ਹੋਇਆ ਸੀ। ਜਿਵੇਂ ਹੀ ਬੱਸ ਮੋੜ ਦੇ ਨੇੜੇ ਆਈ ਤਾਂ ਅਚਾਨਕ ਗੋਲੀਆਂ ਚੱਲਣ ਲੱਗ ਪਈਆਂ। ਬੱਸ ਖਾਈ 'ਚ ਡਿੱਗਣ ਤੋਂ ਪਹਿਲਾਂ ਅੱਤਵਾਦੀਆਂ ਨੇ 25 ਤੋਂ 30 ਗੋਲੀਆਂ ਚਲਾਈਆਂ ਸਨ।
ਡੇਢ ਘੰਟਾ ਲੇਟ ਸੀ ਬੱਸ
ਬੱਸ ਵਿੱਚ ਸਫ਼ਰ ਕਰ ਰਹੇ ਯੂਪੀ ਦੇ ਇੱਕ ਹੋਰ ਜ਼ਖ਼ਮੀ ਸ਼ਰਧਾਲੂ ਨੇ ਦੱਸਿਆ ਕਿ ਬੱਸ ਡਿੱਗਣ ਤੋਂ ਬਾਅਦ ਵੀ ਅੱਤਵਾਦੀ ਗੋਲੀਬਾਰੀ ਕਰਦੇ ਰਹੇ। ਬੱਸ ਨੇ ਸ਼ਾਮ 4 ਵਜੇ ਰਵਾਨਾ ਹੋਣਾ ਸੀ ਪਰ ਇਹ 5:30 ਵਜੇ ਰਵਾਨਾ ਹੋਈ। ਬੱਸ ਦੇ ਲੇਟ ਹੋਣ ਸਬੰਧੀ ਵੀ ਜਾਂਚ ਕੀਤੀ ਜਾ ਰਹੀ ਹੈ।