ਜਲੰਧਰ ਨੇੜੇ ਕਰਤਾਰਪੁਰ ਵਿਚ ਮੇਨ ਰੇਲਵੇ ਕਰਾਸਿੰਗ ਉਤੇ ਬੀਤੀ ਰਾਤ ਆਰਪੀਐਫ ਦੇ ਕਰਮਚਾਰੀਆਂ 'ਤੇ ਹਮਲਾ ਹੋ ਗਿਆ, ਜਿਥੇ ਪਤਾ ਲੱਗਾ ਹੈ ਕਿ ਇੱਕ ਆਰਪੀਐਫ ਕਰਮਚਾਰੀ ਦੀ ਬਾਂਹ ਵੱਢ ਦਿੱਤੀ ਗਈ। ਘਟਨਾ ਦੇਰ ਰਾਤ 10.40 ਵਜੇ ਦੀ ਹੈ।
ਗੇਟਮੈਨ ਨੂੰ ਵੀ ਕੀਤਾ ਜ਼ਖਮੀ
ਦੱਸ ਦੇਈਏ ਕਿ ਹਮਲਾਵਰਾਂ ਨੇ ਗੇਟਮੈਨ ਨੂੰ ਵੀ ਜ਼ਖ਼ਮੀ ਕਰ ਦਿੱਤਾ। ਇਸ ਘਟਨਾ 'ਚ ਜ਼ਖਮੀ ਹੋਏ ਦੋਵੇਂ ਵਿਅਕਤੀਆਂ ਨੂੰ ਇਲਾਜ ਲਈ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ।
ਲੋਕਾਂ ਵਿਚ ਸਹਿਮ
ਦੱਸਿਆ ਜਾ ਰਿਹਾ ਹੈ ਕਿ ਇਹ ਘਟਨਾ ਰੇਲਵੇ ਕਰਾਸਿੰਗ ਦੇ ਫਾਟਕ ਨੰਬਰ ਐੱਸ 55 ਦੀ ਹੈ। ਇਸ ਬਾਰੇ ਸੂਚਨਾ ਮਿਲਦੇ ਹੀ ਥਾਣਾ ਇੰਚਾਰਜ ਨੇ ਮੌਕੇ 'ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ। ਦੇਰ ਰਾਤ ਹਮਲਾਵਰਾਂ ਵੱਲੋਂ ਆਰ.ਪੀ.ਐਫ ਦੇ ਜਵਾਨਾਂ ਅਤੇ ਗੇਟਮੈਨ 'ਤੇ ਸ਼ਰੇਆਮ ਕੀਤੇ ਹਮਲੇ ਨੂੰ ਲੈ ਕੇ ਪੁਲਸ ਪ੍ਰਸ਼ਾਸਨ ਦੀ ਕਾਰਗੁਜ਼ਾਰੀ 'ਤੇ ਸਵਾਲੀਆ ਨਿਸ਼ਾਨ ਲੱਗ ਰਹੇ ਹਨ | ਇਸ ਘਟਨਾ ਨੂੰ ਲੈ ਕੇ ਲੋਕਾਂ ਵਿਚ ਸਹਿਮ ਦਾ ਮਾਹੌਲ ਹੈ।
ਵੀਡੀਓ ਵੀ ਹੋਈ ਵਾਇਰਲ
ਜਾਣਕਾਰੀ ਅਨੁਸਾਰ ਰੇਲਵੇ ਫਾਟਕ ਬੰਦ ਹੋਣ 'ਤੇ ਉਥੋਂ ਲੰਘਣ ਨੂੰ ਲੈ ਕੇ ਰੇਲਵੇ ਕਰਮਚਾਰੀਆਂ ਅਤੇ ਹਮਲਾਵਰਾਂ ਵਿਚਾਲੇ ਵਿਵਾਦ ਹੋ ਗਿਆ। ਇਸ ਦੌਰਾਨ ਝਗੜਾ ਇੰਨਾ ਵੱਧ ਗਿਆ ਕਿ ਹਮਲਾਵਰਾਂ ਨੇ ਆਰਪੀਐਫ ਦੇ ਕਰਮਚਾਰੀ ਅਤੇ ਗੇਟਮੈਨ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਉੱਥੇ ਮੌਜੂਦ ਵਿਅਕਤੀ ਨੇ ਇਸ ਘਟਨਾ ਦੀ ਵੀਡੀਓ ਬਣਾ ਕੇ ਸੋਸ਼ਲ ਮੀਡੀਆ 'ਤੇ ਵਾਇਰਲ ਕਰ ਦਿੱਤੀ। ਇਸ 'ਚ ਉਕਤ ਵਿਅਕਤੀ ਦੱਸ ਰਿਹਾ ਹੈ ਕਿ ਗੇਟ ਨੰਬਰ ਐੱਸ 55 'ਤੇ ਆਰ.ਪੀ.ਐੱਫ ਦੇ ਕਰਮਚਾਰੀ ਅਤੇ ਗੇਟਮੈਨ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕੀਤਾ ਗਿਆ ਹੈ। ਵਾਇਰਲ ਵੀਡੀਓ 'ਚ ਰੇਲਵੇ ਫਾਟਕ 'ਤੇ ਗੇਟਮੈਨ ਦੇ ਕਮਰੇ ਦਾ ਫਰਸ਼ ਖੂਨ ਨਾਲ ਲੱਥਪੱਥ ਦਿਖਾਈ ਦੇ ਰਿਹਾ ਹੈ।