ਪੰਜਾਬ ਵਿੱਚ ਗਰਮੀ ਵਧਦੀ ਜਾ ਰਹੀ ਹੈ। ਪੰਜਾਬ 'ਚ ਬੁੱਧਵਾਰ ਨੂੰ ਸੀਜ਼ਨ ਦਾ ਸਭ ਤੋਂ ਗਰਮ ਦਿਨ ਦਰਜ ਕੀਤਾ ਗਿਆ। ਸਮਰਾਲਾ ਵਿੱਚ ਪਾਰਾ 44.5 ਡਿਗਰੀ ਤੱਕ ਪਹੁੰਚ ਗਿਆ। ਸੂਬੇ 'ਚ ਅੱਜ ਤੋਂ ਹੀਟ ਵੇਵ ਅਲਰਟ ਹੈ। ਮੌਸਮ ਵਿਭਾਗ ਨੇ 16-17 ਮਈ ਲਈ ਯੈਲੋ ਅਲਰਟ ਅਤੇ 18-19 ਮਈ ਲਈ ਆਰੇਂਜ ਅਲਰਟ ਜਾਰੀ ਕੀਤਾ ਹੈ। ਮੌਸਮ ਵਿਭਾਗ ਦਾ ਅਨੁਮਾਨ ਹੈ ਕਿ ਇਸ ਦੌਰਾਨ ਤਾਪਮਾਨ 46 ਡਿਗਰੀ ਨੂੰ ਪਾਰ ਕਰ ਸਕਦਾ ਹੈ।
ਲੁਧਿਆਣਾ ਸਮੇਤ ਕਈ ਸ਼ਹਿਰਾਂ ਵਿੱਚ ਤਾਪਮਾਨ 42 ਡਿਗਰੀ ਤੋਂ ਪਾਰ
ਮੌਸਮ ਵਿਭਾਗ ਨੇ ਦੱਸਿਆ ਕਿ ਅੰਮ੍ਰਿਤਸਰ ਸਮੇਤ ਪੰਜਾਬ ਦੇ ਚਾਰ ਵੱਡੇ ਸ਼ਹਿਰਾਂ ਦਾ ਵੱਧ ਤੋਂ ਵੱਧ ਤਾਪਮਾਨ ਆਮ ਨਾਲੋਂ 2.4 ਡਿਗਰੀ ਤੋਂ 4.3 ਡਿਗਰੀ ਵੱਧ ਰਿਹਾ। ਅੰਮ੍ਰਿਤਸਰ ਵਿੱਚ ਪਾਰਾ 42.0 ਡਿਗਰੀ (ਆਮ ਨਾਲੋਂ 3.3 ਡਿਗਰੀ ਵੱਧ), ਲੁਧਿਆਣਾ ਵਿੱਚ 41.6 ਡਿਗਰੀ (ਆਮ ਨਾਲੋਂ 2.8 ਡਿਗਰੀ ਵੱਧ), ਪਟਿਆਲਾ ਵਿੱਚ 42.4 ਡਿਗਰੀ (ਆਮ ਨਾਲੋਂ 4.3 ਡਿਗਰੀ ਵੱਧ), ਪਠਾਨਕੋਟ ਵਿੱਚ 42.4 ਡਿਗਰੀ, ਬਠਿੰਡਾ ਵਿੱਚ 42.6 ਡਿਗਰੀ (ਆਮ ਨਾਲੋਂ 2.4 ਡਿਗਰੀ ਵੱਧ) ਰਿਹਾ। ਗੁਰਦਾਸਪੁਰ ਵਿੱਚ ਪਾਰਾ 40.0, ਐਸਬੀਐਸ ਨਗਰ ਵਿੱਚ 40.4, ਬਰਨਾਲਾ ਵਿੱਚ 42.4, ਫ਼ਿਰੋਜ਼ਪੁਰ ਵਿੱਚ 42.2, ਜਲੰਧਰ ਵਿੱਚ 41.1 ਡਿਗਰੀ ਰਿਹਾ।
ਇਨ੍ਹਾਂ ਸ਼ਹਿਰਾਂ ਦਾ ਜਾਣੋ ਤਾਪਮਾਨ
ਪੰਜਾਬ ਦੇ ਘੱਟੋ-ਘੱਟ ਤਾਪਮਾਨ ਵਿੱਚ ਵੀ 1.4 ਡਿਗਰੀ ਦਾ ਵਾਧਾ ਦਰਜ ਕੀਤਾ ਗਿਆ। ਫਿਲਹਾਲ ਇਹ ਆਮ ਦੇ ਕਰੀਬ ਹੈ। ਜਲੰਧਰ ਦਾ ਘੱਟੋ-ਘੱਟ ਤਾਪਮਾਨ 20.5 ਡਿਗਰੀ ਰਿਹਾ। ਇਸ ਤੋਂ ਇਲਾਵਾ ਅੰਮ੍ਰਿਤਸਰ 'ਚ 22.8, ਲੁਧਿਆਣਾ 'ਚ 22.8, ਪਟਿਆਲਾ 'ਚ 22.6, ਪਠਾਨਕੋਟ 'ਚ 22.2, ਬਠਿੰਡਾ 'ਚ 23.4, ਫਰੀਦਕੋਟ 'ਚ 23.0, ਐੱਸ.ਬੀ.ਐੱਸ.ਨਗਰ 'ਚ 22.7, ਬਰਨਾਲਾ 'ਚ 22.3, ਫਿਰੋਜ਼ਪੁਰ ਵਿਚ 22.3 ਡਿਗਰੀ ਦਰਜ ਕੀਤਾ ਗਿਆ।
ਗਰਮੀ ਤੋਂ ਇੰਝ ਕਰੋ ਬਚਾਅ
ਪੰਜਾਬ ਵਿੱਚ ਅਗਲੇ ਪੰਜ ਤੋਂ ਸੱਤ ਦਿਨਾਂ ਤੱਕ ਮੌਸਮ ਖੁਸ਼ਕ ਰਹੇਗਾ, ਜਿਸ ਕਾਰਨ ਤਾਪਮਾਨ ਵਿੱਚ ਹੋਰ ਵਾਧਾ ਹੋਵੇਗਾ। ਵੀਰਵਾਰ ਤੋਂ ਵੀ ਗਰਮੀ ਦਾ ਕਹਿਰ ਜਾਰੀ ਰਹੇਗਾ। ਗਰਮੀ ਦੇ ਕਹਿਰ ਨੂੰ ਲੈ ਕੇ ਜਾਰੀ ਐਡਵਾਈਜ਼ਰੀ 'ਚ ਮੌਸਮ ਵਿਭਾਗ ਨੇ ਕਿਹਾ ਹੈ ਕਿ ਜ਼ਿਆਦਾ ਤਾਪਮਾਨ ਬੱਚਿਆਂ, ਬਜ਼ੁਰਗਾਂ ਅਤੇ ਭਿਆਨਕ ਬੀਮਾਰੀਆਂ ਤੋਂ ਪੀੜਤ ਮਰੀਜ਼ਾਂ ਲਈ ਪ੍ਰੇਸ਼ਾਨੀ ਦਾ ਕਾਰਨ ਬਣ ਸਕਦਾ ਹੈ। ਅਜਿਹੇ 'ਚ ਧੁੱਪ 'ਚ ਬਾਹਰ ਜਾਣ ਤੋਂ ਬਚਣਾ ਚਾਹੀਦਾ ਹੈ। ਉਚਿਤ ਮਾਤਰਾ ਵਿਚ ਪਾਣੀ ਪੀਣਾ ਚਾਹੀਦਾ ਹੈ।