ਚੰਡੀਗੜ੍ਹ ਵਿੱਚ ਕੇਂਦਰ ਸਰਕਾਰ ਖ਼ਿਲਾਫ਼ ਪ੍ਰਦਰਸ਼ਨ ਕਰ ਰਹੇ ਆਮ ਆਦਮੀ ਪਾਰਟੀ ਦੇ ਮੰਤਰੀਆਂ ਅਤੇ ਸਮਰਥਕਾਂ ਨੂੰ ਪੁਲਸ ਨੇ ਹਿਰਾਸਤ ਵਿੱਚ ਲੈ ਲਿਆ। 'ਆਪ' ਦੇ ਕਈ ਆਗੂਆਂ ਤੇ ਸਮਰਥਕਾਂ ਨੇ ਸੈਕਟਰ-37 ਸਥਿਤ ਪੰਜਾਬ ਭਾਜਪਾ ਦਫ਼ਤਰ ਦਾ ਘਿਰਾਓ ਕਰਨ ਦੀ ਕੋਸ਼ਿਸ਼ ਕੀਤੀ। ਪਰ ਪੁਲਸ ਨੇ ਵਾਟਰ ਕੈਨਨ ਦੀ ਵਰਤੋਂ ਕਰ ਕੇ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ।
6 ਮੰਤਰੀਆਂ ਅਤੇ ਕਈ ਵਿਧਾਇਕਾਂ ਨੂੰ ਹਿਰਾਸਤ 'ਚ ਲਿਆ
ਜਾਣਕਾਰੀ ਮੁਤਾਬਕ 'ਆਪ' ਦੇ 6 ਮੰਤਰੀਆਂ, ਕਈ ਵਿਧਾਇਕਾਂ ਅਤੇ ਸਮਰਥਕਾਂ ਨੂੰ ਹਿਰਾਸਤ 'ਚ ਲਿਆ ਗਿਆ ਹੈ। ਫਿਲਹਾਲ ਪ੍ਰਦਰਸ਼ਨ ਨੂੰ ਖਤਮ ਕਰ ਦਿੱਤਾ ਗਿਆ ਹੈ। ਪੁਲਸ ਦੀ ਇਸ ਕਾਰਵਾਈ ਕਾਰਨ ਮੰਤਰੀ ਹਰਜੋਤ ਬੈਂਸ ਦੀ ਪੱਗ ਉਤਰ ਗਈ। ਦੱਸ ਦੇਈਏ ਕਿ 'ਆਪ' ਨੇ ਬੁੱਧਵਾਰ ਨੂੰ ਝੋਨੇ ਦੀ ਹੌਲੀ ਲਿਫਟਿੰਗ ਨੂੰ ਲੈ ਕੇ ਭਾਜਪਾ ਸਰਕਾਰ ਖਿਲਾਫ ਪ੍ਰਦਰਸ਼ਨ ਕੀਤਾ।
ਬਿੱਟੂ ਨੇ ਧਰਨੇ ਨੂੰ ਡਰਾਮਾ ਕਰਾਰ ਦਿੱਤਾ
ਇਸ ਦੌਰਾਨ ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਨੇ ‘ਆਪ’ ਦੇ ਪ੍ਰਦਰਸ਼ਨ ਨੂੰ ਡਰਾਮਾ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਜੇਕਰ ਪੰਜਾਬ ਸਰਕਾਰ ਨੇ ਸਮੇਂ ਸਿਰ ਢੁੱਕਵੇਂ ਪ੍ਰਬੰਧ ਕੀਤੇ ਹੁੰਦੇ ਤਾਂ ਇਹ ਹਾਲਾਤ ਨਾ ਹੁੰਦੇ। ਉਨ੍ਹਾਂ ‘ਆਪ’ ਆਗੂਆਂ ਨੂੰ ਮੰਡੀਆਂ ਵਿੱਚ ਜਾਣ ਦੀ ਸਲਾਹ ਦਿੱਤੀ।
ਭਾਜਪਾ ਦਫਤਰ ਤੋਂ ਮਹਿਜ਼ 150 ਮੀਟਰ ਦੀ ਦੂਰੀ 'ਤੇ ਸਥਿਤ ਬੱਤਰਾ ਸਿਨੇਮਾ ਨੇੜੇ ਸਵੇਰ ਤੋਂ ਹੀ 'ਆਪ' ਦੇ ਕਈ ਆਗੂ ਅਤੇ ਸਮਰਥਕ ਇਕੱਠੇ ਹੋ ਗਏ ਸਨ। ਇਸ ਮਗਰੋਂ ਉਨ੍ਹਾਂ ਰੋਸ ਰੈਲੀ ਕੱਢੀ। ਇਸ ਦੌਰਾਨ ਉਨ੍ਹਾਂ ਕੇਂਦਰ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਰੈਲੀ ਨੂੰ ਇਕ-ਇਕ ਕਰਕੇ ਸਾਰੇ ਮੰਤਰੀਆਂ ਅਤੇ ਆਗੂਆਂ ਨੇ ਸੰਬੋਧਨ ਕੀਤਾ।