ਖਬਰਿਸਤਾਨ ਨੈੱਟਵਰਕ- ਚੰਡੀਗੜ੍ਹ ’ਚ ਹੁਣ ਟ੍ਰੈਫਿਕ ਪੁਲਸ ਕੋਈ ਵੀ ਗੱਡੀ ਨਹੀਂ ਰੋਕੇਗੀ ਤੇ ਨਾ ਹੀਂ ਕਿਸੇ ਵਾਹਨ ਦਾ ਚਾਲਾਨ ਕੱਟ ਸਕੇਗੀ। ਇਹ ਹਦਾਇਤਾਂ ਡੀਜੀਪੀ ਸਾਗਰਪ੍ਰੀਤ ਹੁੱਡਾ ਨੇ ਸਖਤ ਹੁਕਮ ਦਿੰਦਿਆਂ ਜਾਰੀ ਕੀਤੀਆਂ ਹਨ। ਉਨ੍ਹਾਂ ਕਿਹਾ ਕਿ ਟ੍ਰੈਫਿਕ ਲਾਈਟ ਪੁਆਇੰਟ ਅਤੇ ਚੌਰਾਹਿਆਂ ’ਤੇ ਤਾਇਨਾਤ ਪੁਲਿਸ ਕਰਮਚਾਰੀ ਸਿਰਫ ਟ੍ਰੈ੍ਰਫ਼ਿਕ ਕੰਟਰੋਲ ਦਾ ਕੰਮ ਕਰਨਗੇ। ਉਨ੍ਹਾਂ ਕੋਲ ਕਿਸੇ ਗੱਡੀ ਨੂੰ ਰੋਕਣ ਜਾਂ ਚਲਾਨ ਕਰਨ ਦਾ ਅਧਿਕਾਰ ਨਹੀਂ ਹੋਵੇਗਾ। ਜੇਕਰ ਕੋਈ ਟ੍ਰੈਫਿਕ ਪੁਲਸ ਵਾਲਾ ਕਿਸੇ ਵਾਹਨ ਨੂੰ ਰੋਕਦਾ ਹੈ ਤਾਂ ਉਸ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।
DGP ਨੇ ਦਿੱਤੀਆਂ ਹਦਾਇਤਾਂ
ਰਿਪੋਰਟ ਅਨੁਸਾਰ ਇਸ ਸਬੰਧੀ ਫੈਸਲਾ ਸੈਕਟਰ 9 ਸਥਿਤ ਪੁਲਿਸ ਦਫ਼ਤਰ ’ਚ ਡੀਜੀਪੀ ਦੀ ਪ੍ਰਧਾਨਗੀ ’ਚ ਹੋਈ ਅਧਿਕਾਰੀਆਂ ਦੀ ਰਿਵਿਊ ਮੀਟਿੰਗ ’ਚ ਲਿਆ ਗਿਆ। ਮੀਟਿੰਗ ਤੋਂ ਤੁਰੰਤ ਬਾਅਦ ਟ੍ਰੈਫਿਕ ਵਿੰਗ ਨੂੰ ਸੰਦੇਸ਼ ਦਿੱਤਾ ਗਿਆ ਕਿ ਹੁਣ ਸ਼ਹਿਰ ’ਚ ਕੋਈ ਵੀ ਟ੍ਰੈਫਿਕ ਪੁਲਿਸ ਕਰਮਚਾਰੀ ਗੱਡੀਆਂ ਨਹੀਂ ਰੋਕੇਗਾ।
HighTeck ਕੈਮਰਿਆਂ ਨਾਲ ਪੁਲਸ ਰੱਖੇਗੀ ਨਿਗਰਾਨੀ
ਦੱਸ ਦੇਈਏ ਕਿ ਹੁਣ ਚੰਡੀਗੜ੍ਹ ਪੁਲਸ ਹਾਈਟੈੱਕ ਕੈਮਰਿਆਂ ਰਾਹੀਂ ਹੀ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਦਾ ਚਲਾਨ ਕੱਟੇਗੀ। ਇਹ ਵੀ ਕਿਹਾ ਜਾ ਰਿਹਾ ਹੈ ਕਿ ਸ਼ਹਿਰ ਵਾਸੀਆਂ ਦੇ ਕਹਿਣ ਮੁਤਾਬਕ ਜਦੋਂ ਇੰਨੇ ਕੈਮਰੇ ਸ਼ਹਿਰ ਅੰਦਰ ਲੱਗੇ ਹਨ ਤਾਂ ਟ੍ਰੈਫਿਕ ਪੁਲਿਸ ਦਾ ਸੜਕ ’ਤੇ ਖੜ੍ਹੇ ਹੋ ਕੇ ਚਲਾਨ ਕੱਟਣਾ ਸਮਝ ਤੋਂ ਬਾਹਰ ਹੈ। ਚੰਡੀਗੜ੍ਹ ਦੇ ਪ੍ਰਸ਼ਾਸਕ ਅਤੇ ਡੀਜੀਪੀ ਕੋਲ ਸ਼ਿਕਾਇਤ ਪਹੁੰਚੀ ਸੀ ਕਿ ਚੰਡੀਗੜ੍ਹ ਪੁਲਿਸ ਦੂਜੇ ਰਾਜਾਂ ਖਾਸ ਕਰਕੇ ਪੰਜਾਬ ਅਤੇ ਹਰਿਆਣਾ ਤੋਂ ਆਉਣ ਵਾਲੀਆਂ ਗੱਡੀਆਂ ਨੂੰ ਰੋਕ ਕੇ ਚਲਾਨ ਕਰਦੀ ਹੈ ਅਤੇ ਡਰਾਈਵਰਾਂ ਨੂੰ ਤੰਗ ਕਰਦੀ ਹੈ। ਇਸ ਮਾਮਲੇ ਦੀ ਜਾਂਚ ਹੋਈ ਅਤੇ ਪਾਇਆ ਗਿਆ ਕਿ ਕਈ ਪੁਲਿਸ ਕਰਮਚਾਰੀ ਦੂਜੇ ਰਾਜਾਂ ਤੋਂ ਆਉਣ ਵਾਲੀਆਂ ਗੱਡੀਆਂ ਨੂੰ ਨਿਸ਼ਾਨਾ ਬਣਾ ਰਹੇ ਸਨ, ਜਿਸ ਦੇ ਚਲਦਿਆਂ ਹੀ ਸਖਤ ਹੁਕਮ ਜਾਰੀ ਕੀਤੇ ਗਏ ਹਨ।