ਹੁਸ਼ਿਆਰਪੁਰ 'ਚ ਕਰਵਾ ਚੌਥ ਵਾਲੀ ਰਾਤ ਗੋਲੀਆਂ ਚੱਲਣ ਦਾ ਮਾਮਲਾ ਸਾਹਮਣੇ ਆਇਆ ਹੈ, ਜਿਥੇ ਪਿੰਡ ਚੱਕੋਵਾਲ ਬਾਹਮਣੀਆਂ 'ਚ ਪਿਉ-ਪੁੱਤ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਜਾਣਕਾਰੀ ਅਨੁਸਾਰ ਇਸ ਹਮਲੇ ਵਿੱਚ ਦੋ ਬੱਚੇ ਵੀ ਜ਼ਖ਼ਮੀ ਹੋਏ ਹਨ। ਉਹ ਦੋਵੇਂ ਨਵਜੰਮੇ ਬੱਚੇ ਦਾ ਹਾਲ-ਚਾਲ ਜਾਣਨ ਲਈ ਹਸਪਤਾਲ ਪਹੁੰਚੇ ਸਨ। ਪਰ ਜਿਵੇਂ ਹੀ ਉਹ ਬਾਹਰ ਆਏ ਤਾਂ ਅਣਪਛਾਤੇ ਵਿਅਕਤੀਆਂ ਨੇ ਉਨ੍ਹਾਂ 'ਤੇ ਗੋਲੀਆਂ ਚਲਾ ਦਿੱਤੀਆਂ।
ਮ੍ਰਿਤਕਾਂ ਦੀ ਪਛਾਣ
ਇਸ ਹਾਦਸੇ ਵਿੱਚ ਦੋਵੇਂ ਮ੍ਰਿਤਕਾਂ ਦੀ ਪਛਾਣ ਅਮਰਜੀਤ (37) ਵਾਸੀ ਤਲਵੰਡੀ ਰਈਆਂ ਅਤੇ ਉਸ ਦੇ ਪਿਤਾ ਕਸ਼ਮੀਰ ਸਿੰਘ (60) ਵਜੋਂ ਹੋਈ ਹੈ। ਇਨ੍ਹਾਂ ਤੋਂ ਇਲਾਵਾ ਅਮਰਜੀਤ ਦੇ ਲੜਕੇ ਗੁਨਰਾਜ ਅਤੇ ਅਮਰਜੀਤ ਦੇ ਭਰਾ ਸੁਖਜੀਤ ਦੇ ਲੜਕੇ ਸ਼ਿਵਮ ਨੂੰ ਗੋਲੀਆਂ ਲੱਗੀਆਂ। ਦੋਵਾਂ ਦਾ ਹਸਪਤਾਲ 'ਚ ਇਲਾਜ ਚੱਲ ਰਿਹਾ ਹੈ।
ਪੁਰਾਣੀ ਰੰਜਿਸ਼ ਦਾ ਮਾਮਲਾ
ਇਸ ਮਾਮਲੇ ਵਿੱਚ ਪੁਲਸ ਦਾ ਕਹਿਣਾ ਹੈ ਕਿ ਉਕਤ ਵਿਅਕਤੀਆਂ ਨੇ ਤਿੰਨ ਸਾਲ ਪਹਿਲਾਂ ਨਸ਼ੇ ਦਾ ਕਾਰੋਬਾਰ ਕਰਨ ਅਤੇ ਨਜਾਇਜ਼ ਹਥਿਆਰ ਰੱਖਣ ਦੇ ਦੋਸ਼ ਵਿੱਚ ਸ਼ਿਕਾਇਤ ਦਰਜ ਕਰਵਾਈ ਸੀ। ਇਸੇ ਰੰਜਿਸ਼ ਕਾਰਨ ਇਹ ਹਮਲਾ ਕੀਤਾ ਗਿਆ। ਪੁਲਸ ਨੇ ਦੋਵਾਂ ਦੀਆਂ ਲਾਸ਼ਾਂ ਨੂੰ ਕਬਜ਼ੇ ਵਿੱਚ ਲੈ ਕੇ ਸਿਵਲ ਹਸਪਤਾਲ ਹੁਸ਼ਿਆਰਪੁਰ ਭੇਜ ਦਿੱਤਾ ਹੈ।