ਦੇਸ਼ 'ਚ ਰੇਲ ਹਾਦਸਿਆਂ ਦੀਆਂ ਖਬਰਾਂ ਲਗਾਤਾਰ ਸਾਹਮਣੇ ਆ ਰਹੀਆਂ ਹਨ। ਇਸੇ ਤਰ੍ਹਾਂ ਦਾ ਤਾਜ਼ਾ ਮਾਮਲਾ ਹੁਣ ਮੱਧ ਪ੍ਰਦੇਸ਼ ਤੋਂ ਸਾਹਮਣੇ ਆਇਆ ਹੈ, ਜਿਥੇ ਓਵਰਨਾਈਟ ਐਕਸਪ੍ਰੈਸ ਦੇ 2 ਡੱਬੇ ਪਟੜੀ ਤੋਂ ਉਤਰ ਗਏ । ਇਹ ਹਾਦਸਾ ਜਬਲਪੁਰ ਸਟੇਸ਼ਨ ਨੇੜੇ ਵਾਪਰਿਆ। ਟਰੇਨ ਇੰਦੌਰ ਤੋਂ ਜਬਲਪੁਰ ਜਾ ਰਹੀ ਸੀ, ਜਿਸ ਦੌਰਾਨ ਇਹ ਘਟਨਾ ਵਾਪਰੀ। ਖੁਸ਼ਕਿਸਮਤੀ ਰਹੀ ਕਿ ਇਸ ਘਟਨਾ ਵਿੱਚ ਕਿਸੇ ਨੂੰ ਕੋਈ ਨੁਕਸਾਨ ਨਹੀਂ ਪਹੁੰਚਿਆ।
ਟਰੇਨ 20 ਦੀ ਰਫਤਾਰ ਨਾਲ ਚੱਲ ਰਹੀ ਸੀ
ਦੱਸਿਆ ਜਾ ਰਿਹਾ ਹੈ ਕਿ ਜਿਵੇਂ ਹੀ ਟਰੇਨ ਜਬਲਪੁਰ ਸਟੇਸ਼ਨ 'ਤੇ ਪਹੁੰਚਣ ਵਾਲੀ ਸੀ ਤਾਂ ਟਰੇਨ ਦੀ ਰਫਤਾਰ ਘੱਟ ਗਈ ਅਤੇ ਇਹ 20 ਦੀ ਰਫਤਾਰ ਨਾਲ ਚੱਲ ਰਹੀ ਸੀ। ਇਸ ਦੌਰਾਨ ਟਰੇਨ ਦੇ ਦੋ ਡੱਬੇ ਪਟੜੀ ਤੋਂ ਉਤਰ ਗਏ, ਜਿਨ੍ਹਾਂ ਵਿੱਚੋਂ ਇੱਕ ਏਸੀ ਕੰਪਾਰਟਮੈਂਟ ਸੀ ਜਦੋਂ ਕਿ ਦੂਜਾ ਸਾਮਾਨ ਵਾਲਾ ਡੱਬਾ ਸੀ।
ਰੇਲਵੇ ਆਵਾਜਾਈ ਹੋਈ ਪ੍ਰਭਾਵਤ
ਇਸ ਹਾਦਸੇ ਤੋਂ ਬਾਅਦ ਟਰੇਨ ਦੇ ਡੱਬਿਆਂ ਨੂੰ ਪਟੜੀ 'ਤੇ ਲਿਆਉਣ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ। ਹਾਦਸੇ ਤੋਂ ਬਾਅਦ ਰੇਲਵੇ ਆਵਾਜਾਈ ਕਾਫੀ ਪ੍ਰਭਾਵਤ ਹੋਈ। ਇਸ ਨੂੰ ਠੀਕ ਕਰਨ ਲਈ ਕੰਮ ਕੀਤਾ ਜਾ ਰਿਹਾ ਹੈ। ਘਟਨਾ ਤੋਂ ਬਾਅਦ ਰੇਲਵੇ ਅਧਿਕਾਰੀਆਂ ਨੇ ਇਸ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਦੋ ਡੱਬੇ ਪਟੜੀ ਤੋਂ ਉਤਰੇ
ਹਾਦਸੇ ਤੋਂ ਬਾਅਦ ਏਸੀ ਕੋਚ 'ਚ ਬੈਠੇ ਇਕ ਯਾਤਰੀ ਨੇ ਦੱਸਿਆ ਕਿ ਜਦੋਂ ਕੋਚ ਪਟੜੀ ਤੋਂ ਹੇਠਾਂ ਉਤਰਿਆ ਤਾਂ ਇੰਝ ਲੱਗ ਰਿਹਾ ਸੀ ਜਿਵੇਂ ਕਿਸੇ ਨੇ ਅਚਾਨਕ ਟਰੇਨ 'ਤੇ ਬ੍ਰੇਕ ਲਗਾ ਦਿੱਤੀ ਹੋਵੇ ਅਤੇ ਜ਼ੋਰਦਾਰ ਝਟਕਾ ਲੱਗਾ ਹੋਵੇ। ਜਦੋਂ ਤੱਕ ਮੈਂ ਕੁਝ ਸਮਝ ਸਕਿਆ, ਰੇਲ ਗੱਡੀ ਰੁਕ ਚੁੱਕੀ ਸੀ। ਹਾਲਾਂਕਿ ਕੁਝ ਸਮੇਂ ਲਈ ਅਜਿਹਾ ਵੀ ਲੱਗ ਰਿਹਾ ਸੀ ਕਿ ਜਿਵੇਂ ਕੋਈ ਹਾਦਸਾ ਹੋ ਗਿਆ ਹੋਵੇ। ਇਸ ਤੋਂ ਬਾਅਦ ਟਰੇਨ ਕਾਫੀ ਦੇਰ ਤੱਕ ਰੁਕੀ ਰਹੀ। ਕੁਝ ਸਮੇਂ ਬਾਅਦ ਜਦੋਂ ਮੈਂ ਕੋਚ ਤੋਂ ਹੇਠਾਂ ਉਤਰ ਕੇ ਬਾਹਰ ਦੇਖਿਆ ਤਾਂ ਦੋ ਡੱਬੇ ਪਟੜੀ ਤੋਂ ਉਤਰ ਚੁੱਕੇ ਸਨ।