ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ 19 ਨਵੰਬਰ ਨੂੰ ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਹੋਣ ਵਾਲੇ ICC ਵਿਸ਼ਵ ਕੱਪ ਦਾ ਫਾਈਨਲ ਮੈਚ ਦੇਖਣ ਲਈ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਪਹੁੰਚਣਗੇ। ਉਨ੍ਹਾਂ ਦੇ ਨਾਲ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਵੀ ਮੌਜੂਦ ਰਹਿਣਗੇ।
ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਨੂੰ ਵੀ ਭੇਜਿਆ ਸੱਦਾ
ਇੰਨਾ ਹੀ ਨਹੀਂ ਇਸ ਮੈਚ ਲਈ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ ਅਤੇ ਡਿਪਟੀ ਪੀਐੱਮ ਰਿਚਰਡ ਮਾਰਲਸ ਨੂੰ ਵੀ ਸੱਦਾ ਦਿੱਤਾ ਗਿਆ ਹੈ। ਉਮੀਦ ਕੀਤੀ ਜਾ ਰਹੀ ਹੈ ਕਿ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਅਤੇ ਉਪ ਪ੍ਰਧਾਨ ਮੰਤਰੀ ਵੀ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ 'ਚ ਇਸ ਮਹਾਨ ਮੈਚ ਨੂੰ ਦੇਖਣਗੇ। ਹਾਲਾਂਕਿ, ਦੋਵਾਂ ਤੋਂ ਪੁਸ਼ਟੀ ਦੀ ਅਜੇ ਉਡੀਕ ਹੈ। ਆਸਟ੍ਰੇਲੀਆ 8ਵੀਂ ਵਾਰ ਫਾਈਨਲ ਖੇਡੇਗਾ। ਜਦਕਿ ਵਿਸ਼ਵ ਕੱਪ 'ਚ ਭਾਰਤੀ ਟੀਮ ਦਾ ਇਹ ਚੌਥਾ ਖਿਤਾਬੀ ਮੁਕਾਬਲਾ ਹੋਵੇਗਾ।
ਕਰਵਾਇਆ ਜਾਵੇਗਾ ਏਅਰ ਸ਼ੋਅ
ਮੀਡੀਆ ਰਿਪੋਰਟਾਂ ਮੁਤਾਬਕ ਭਾਰਤੀ ਹਵਾਈ ਸੈਨਾ ਦੀ 'ਸੂਰਿਆ ਕਿਰਨ ਐਰੋਬੈਟਿਕ ਟੀਮ' ਵਿਸ਼ਵ ਕੱਪ 2023 ਦੇ ਫਾਈਨਲ 'ਚ ਏਅਰ ਸ਼ੋਅ ਪੇਸ਼ ਕਰੇਗੀ। ਇਹ ਟੀਮ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ 'ਚ ਹੋਣ ਵਾਲੇ ਮੈਗਾ ਮੈਚ ਤੋਂ 10 ਮਿੰਟ ਪਹਿਲਾਂ ਹਵਾਈ ਸਟੰਟ ਕਰਕੇ ਦਰਸ਼ਕਾਂ ਨੂੰ ਰੋਮਾਂਚਿਤ ਕਰੇਗੀ।
ਭਾਰਤ ਤੇ ਆਸਟ੍ਰੇਲੀਆ ਵਿਚਾਲੇ 20 ਸਾਲ ਬਾਅਦ ਫਾਈਨਲ
ਇਹ ਮੈਚ ਇਸ ਲਈ ਵੀ ਰੋਮਾਂਚਕ ਹੋਣ ਵਾਲਾ ਹੈ ਕਿਉਂਕਿ ਭਾਰਤ ਅਤੇ ਆਸਟ੍ਰੇਲੀਆ 20 ਸਾਲ ਬਾਅਦ ਵਨਡੇ ਵਿਸ਼ਵ ਕੱਪ ਦੇ ਫਾਈਨਲ 'ਚ ਇਕ ਵਾਰ ਫਿਰ ਆਹਮੋ-ਸਾਹਮਣੇ ਹੋਣਗੇ। ਇਸ ਤੋਂ ਪਹਿਲਾਂ 2003 ਵਿਸ਼ਵ ਕੱਪ ਦਾ ਫਾਈਨਲ ਮੈਚ ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਖੇਡਿਆ ਗਿਆ ਸੀ। ਇਹ ਖ਼ਿਤਾਬੀ ਮੈਚ ਦੱਖਣੀ ਅਫ਼ਰੀਕਾ ਦੇ ਜੋਹਾਨਸਬਰਗ ਵਿੱਚ ਖੇਡਿਆ ਗਿਆ, ਜਿਸ ਵਿੱਚ ਭਾਰਤੀ ਟੀਮ ਨੂੰ 125 ਦੌੜਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਉਦੋਂ ਭਾਰਤੀ ਟੀਮ ਦੀ ਕਮਾਨ ਦਾਦਾ ਦੇ ਨਾਂ ਨਾਲ ਮਸ਼ਹੂਰ ਸੌਰਵ ਗਾਂਗੁਲੀ ਦੇ ਹੱਥਾਂ 'ਚ ਸੀ। ਰਿਕੀ ਪੋਂਟਿੰਗ ਕੰਗਾਰੂ ਟੀਮ ਦੀ ਕਪਤਾਨੀ ਕਰ ਰਹੇ ਸਨ।