ਦੇਸ਼ 'ਚ ਜਲਦ ਹੀ ਪੈਟਰੋਲ ਅਤੇ ਡੀਜ਼ਲ ਦੇ ਰੇਟ ਘੱਟ ਹੋਣ ਜਾ ਰਹੇ ਹਨ। ਕਿਉਂਕਿ ਅੰਤਰਰਾਸ਼ਟਰੀ ਬਾਜ਼ਾਰ 'ਚ ਕੱਚੇ ਤੇਲ ਦੀਆਂ ਕੀਮਤਾਂ ਪਿਛਲੇ 3 ਸਾਲਾਂ 'ਚ ਸਭ ਤੋਂ ਹੇਠਲੇ ਪੱਧਰ 'ਤੇ ਆ ਗਈਆਂ ਹਨ। ਜਿਸ ਕਾਰਨ ਤੇਲ ਮਾਰਕੀਟਿੰਗ ਕੰਪਨੀਆਂ ਨੂੰ ਫਾਇਦਾ ਹੋ ਰਿਹਾ ਹੈ। ਕਿਹਾ ਜਾ ਰਿਹਾ ਹੈ ਕਿ ਹਰਿਆਣਾ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਤੇਲ ਦੀਆਂ ਕੀਮਤਾਂ ਘਟਾਈਆਂ ਜਾ ਸਕਦੀਆਂ ਹਨ।
ਇਸ ਕਾਰਨ ਕੱਚੇ ਤੇਲ ਦੀ ਕੀਮਤ ਡਿੱਗੀ
ਮੰਗਲਵਾਰ ਨੂੰ ਬ੍ਰੈਂਟ ਕਰੂਡ ਦੀ ਕੀਮਤ 70 ਡਾਲਰ ਪ੍ਰਤੀ ਬੈਰਲ ਤੋਂ ਹੇਠਾਂ ਆ ਗਈ। ਦਸੰਬਰ 2021 ਤੋਂ ਬਾਅਦ ਪਹਿਲੀ ਵਾਰ ਕੱਚਾ ਤੇਲ ਇਸ ਪੱਧਰ 'ਤੇ ਪਹੁੰਚਿਆ ਹੈ। ਗਲੋਬਲ ਅਰਥਵਿਵਸਥਾ ਦੀ ਮੱਠੀ ਗਤੀ ਕਾਰਨ ਤੇਲ ਦੀ ਮੰਗ ਘਟਣ ਦੀ ਸੰਭਾਵਨਾ ਹੈ। ਇਸ ਕਾਰਨ ਕੱਚੇ ਤੇਲ ਦੀ ਕੀਮਤ ਡਿੱਗ ਗਈ ਹੈ। ਇਸ ਨਾਲ ਤੇਲ ਮਾਰਕੀਟਿੰਗ ਕੰਪਨੀਆਂ ਦੇ ਮਾਰਜਨ 'ਚ ਸੁਧਾਰ ਹੋਇਆ ਹੈ।
ਤੇਲ ਕੰਪਨੀਆਂ ਕਰਨਗੀਆਂ ਵਿਚਾਰ
ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲੇ ਦੇ ਸਕੱਤਰ ਪੰਕਜ ਜੈਨ ਨੇ ਕਿਹਾ ਕਿ ਜੇਕਰ ਲੰਬੇ ਸਮੇਂ ਤੱਕ ਕੱਚੇ ਤੇਲ ਦੀ ਕੀਮਤ ਘੱਟ ਰਹਿੰਦੀ ਹੈ ਤਾਂ ਤੇਲ ਕੰਪਨੀਆਂ ਈਂਧਨ ਦੀਆਂ ਕੀਮਤਾਂ ਘਟਾਉਣ 'ਤੇ ਵਿਚਾਰ ਕਰਨਗੀਆਂ। ਜਿਸ ਨਾਲ ਆਮ ਲੋਕਾਂ ਨੂੰ ਕੁਝ ਰਾਹਤ ਮਿਲੇਗੀ।
ਪਿਛਲੇ ਸਾਲ ਮਾਰਚ ਮਹੀਨੇ ਘਟੀਆਂ ਸਨ ਤੇਲ ਦੇ ਕੀਮਤਾਂ
ਪਿਛਲੀ ਵਾਰ ਇਸ ਸਾਲ ਮਾਰਚ ਮਹੀਨੇ ਤੇਲ ਦੀਆਂ ਕੀਮਤਾਂ ਘਟਾਈਆਂ ਗਈਆਂ ਸਨ। ਇੰਡੀਅਨ ਆਇਲ ਕਾਰਪੋਰੇਸ਼ਨ (IOC), ਭਾਰਤ ਪੈਟਰੋਲੀਅਮ ਕਾਰਪੋਰੇਸ਼ਨ ਲਿਮਟਿਡ (BPCL) ਅਤੇ ਹਿੰਦੁਸਤਾਨ ਪੈਟਰੋਲੀਅਮ ਕਾਰਪੋਰੇਸ਼ਨ ਲਿਮਿਟੇਡ (HPCL) ਨੇ ਸਰਕਾਰੀ ਹੁਕਮਾਂ ਤੋਂ ਬਾਅਦ ਕੀਮਤਾਂ ਵਿੱਚ 2 ਰੁਪਏ ਦੀ ਕਟੌਤੀ ਕੀਤੀ ਸੀ। ਇਨ੍ਹਾਂ ਕੰਪਨੀਆਂ ਦੀ ਦੇਸ਼ ਦੇ ਤੇਲ ਬਾਜ਼ਾਰ ਵਿੱਚ 90% ਹਿੱਸੇਦਾਰੀ ਹੈ।