PPR Market 'ਚ ਪੁਲਿਸ ਨੇ Forever Foodie ਰੈਸਟੋਰੈਂਟ ਦੇ ਖਿਲਾਫ ਕਾਰਵਾਈ ਕਰਦੇ ਹੋਏ ਮਾਲਕ ਨੂੰ ਗ੍ਰਿਫਤਾਰ ਕਰ ਲਿਆ ਹੈ। ਰੈਸਟੋਰੈਂਟ ਮਾਲਕ ਦੀ ਪਛਾਣ ਜਲੰਧਰ ਹਾਈਟਸ ਦੇ ਰਹਿਣ ਵਾਲੇ ਤਰੁਣ ਖੇਤਰਪਾਲ ਵਜੋਂ ਹੋਈ ਹੈ। ਪੁਲਸ ਨੇ ਉਸ ਨੂੰ ਬਿਨਾਂ ਲਾਇਸੈਂਸ ਤੋਂ ਰੈਸਟੋਰੈਂਟ ਵਿੱਚ ਸ਼ਰਾਬ ਪਰੋਸਣ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਹੈ।
ਰੈਸਟੋਰੈਂਟ 'ਚ ਪਰੋਸੀ ਜਾ ਰਹੀ ਸੀ ਸ਼ਰਾਬ
ਥਾਣਾ ਨੰਬਰ 7 ਦੇ ASI ਸਤਪਾਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਇੱਕ ਬਿਨਾਂ ਲਾਇਸੈਂਸ ਵਾਲੇ ਰੈਸਟੋਰੈਂਟ 'ਚ ਖਾਣੇ ਦੇ ਨਾਲ ਗਾਹਕਾਂ ਨੂੰ ਸ਼ਰਾਬ ਪਰੋਸੀ ਜਾਣ ਦੀ ਸੂਚਨਾ ਮਿਲੀ ਸੀ। ਜਿਸ ਤੋਂ ਬਾਅਦ ਪੁਲਸ ਪਾਰਟੀ ਨੇ ਰੈਸਟੋਰੈਂਟ 'ਤੇ ਛਾਪਾ ਮਾਰ ਕੇ ਮੌਕੇ ਤੋਂ ਅੱਧੀ ਬੋਤਲ ਸ਼ਰਾਬ, 2 ਡਿਸਪੋਜ਼ੇਬਲ ਗਲਾਸ, ਇਕ ਖਾਲੀ ਪਲੇਟ ਤੇ ਕੋਲਡ ਡਰਿੰਕ ਦੀ ਬੋਤਲ ਬਰਾਮਦ ਕੀਤੀ। ਪੁਲਸ ਨੇ ਮੁਲਜ਼ਮ ਨੂੰ ਮੌਕੇ ’ਤੇ ਗ੍ਰਿਫ਼ਤਾਰ ਕਰਕੇ ਆਬਕਾਰੀ ਐਕਟ ਤਹਿਤ ਕੇਸ ਦਰਜ ਕਰ ਲਿਆ ਹੈ।
ਪੁਲਿਸ ਲਗਾਤਾਰ ਕਰ ਰਹੀ ਹੈ PPR Market 'ਚ ਕਾਰਵਾਈ
ਦੱਸ ਦਈਏ ਕਿ PPR Market 'ਚ ਪੁਲਿਸ ਵੱਲੋਂ ਬਿਨਾਂ ਲਾਇਸੈਂਸ ਤੋਂ ਸ਼ਰਾਬ ਪੀ ਕੇ ਗੱਡੀ ਚਲਾਉਣ ਤੇ ਪਰੋਸਣ ਵਾਲੇ ਰੈਸਟੋਰੈਂਟਾਂ ਖ਼ਿਲਾਫ਼ ਲਗਾਤਾਰ ਕਾਰਵਾਈ ਕੀਤੀ ਜਾ ਰਹੀ ਹੈ। ਇਸ ਦੌਰਾਨ Spicy Treasure ਨਾਂ ਦੀ ਦੁਕਾਨ ਦੇ ਬਾਹਰ ਮੇਜ਼ਾਂ 'ਤੇ ਸ਼ਰਾਬ ਦੀਆਂ ਬੋਤਲਾਂ ਪਈਆਂ ਦੇਖੀਆਂ ਗਈਆਂ।