ਅੰਮ੍ਰਿਤਸਰ 'ਚ ICICI ਬੈਂਕ 'ਚ ਹੋਈ 12 ਲੱਖ ਰੁਪਏ ਦੀ ਲੁੱਟ ਦੀ ਗੁੱਥੀ ਪੁਲਸ ਨੇ ਸੁਲਝਾ ਲਈ ਹੈ। ਪੁਲਸ ਨੇ ਬੈਂਕ ਲੁੱਟਣ ਵਾਲੇ 3 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਹੈ। ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਇਹ ਜਾਣਕਾਰੀ ਦਿੱਤੀ ਹੈ।
ਹਥਿਆਰ ਤੇ ਨਕਦੀ ਬਰਾਮਦ
ਐਕਸ 'ਤੇ ਜਾਣਕਾਰੀ ਦਿੰਦੇ ਹੋਏ ਡੀਜੀਪੀ ਗੌਰਵ ਯਾਦਵ ਨੇ ਲਿਖਿਆ ਕਿ ਪੁਲਸ ਨੇ ਕੁਝ ਘੰਟਿਆਂ 'ਚ ਹੀ ਬੰਦੂਕ ਦੀ ਨੋਕ 'ਤੇ ਬੈਂਕ ਲੁੱਟਣ ਵਾਲੇ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ। ਫੜੇ ਗਏ ਤਿੰਨ ਮੁਲਜ਼ਮਾਂ ਕੋਲੋਂ ਦੋ ਪਿਸਤੌਲ ਬਰਾਮਦ ਕੀਤੇ ਗਏ ਹਨ। ਇੱਕ ਪਿਸਤੌਲ ਨਕਲੀ ਸੀ। ਲੁੱਟੀ ਗਈ ਨਕਦੀ ਵੀ ਬਰਾਮਦ ਕਰ ਲਈ ਗਈ ਹੈ।
ਲੁੱਟ ਦੀ ਵਾਰਦਾਤ ਸ਼ਨੀਵਾਰ ਨੂੰ ਦਿਨ ਦਿਹਾੜੇ ਵਾਪਰੀ ਸੀ
ਦੱਸ ਦੇਈਏ ਕਿ ਸ਼ਨੀਵਾਰ ਨੂੰ ਅੰਮ੍ਰਿਤਸਰ 'ਚ ਦਿਨ-ਦਿਹਾੜੇ ICICI ਬੈਂਕ 'ਚ 20 ਲੱਖ ਰੁਪਏ ਦੀ ਲੁੱਟ ਦੀ ਵਾਰਦਾਤ ਹੋਈ ਸੀ। ਲੁੱਟ ਦੀ ਇਸ ਵਾਰਦਾਤ ਨੂੰ ਐਕਟਿਵਾ 'ਤੇ ਆਏ 3 ਲੁਟੇਰਿਆਂ ਨੇ ਅੰਜਾਮ ਦਿੱਤਾ ਸੀ, ਜਿਸ 'ਚੋਂ ਦੋ ਲੁਟੇਰੇ ਬੈਂਕ 'ਚ ਦਾਖਲ ਹੋਏ ਸਨ ਅਤੇ ਬੈਂਕ ਕਰਮਚਾਰੀ 'ਤੇ ਪਿਸਤੌਲ ਤਾਣ ਲਈ ਸੀ, ਇਸ ਤੋਂ ਬਾਅਦ ਦੋਵੇਂ 12 ਲੱਖ ਰੁਪਏ ਲੈ ਕੇ ਭੱਜ ਗਏ, ਜਿਸ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਸੀ।