ਜੰਮੂ-ਕਸ਼ਮੀਰ ਦੇ ਕਟੜਾ 'ਚ ਮਾਤਾ ਵੈਸ਼ਨੋ ਦੇਵੀ ਵਿਖੇ ਰੋਪਵੇਅ ਪ੍ਰੋਜੈਕਟ ਦੇ ਖਿਲਾਫ ਸੋਮਵਾਰ ਨੂੰ ਲਗਾਤਾਰ ਚੌਥੇ ਦਿਨ ਦੁਕਾਨਦਾਰਾਂ ਅਤੇ ਮਜ਼ਦੂਰਾਂ ਨੇ ਪ੍ਰਦਰਸ਼ਨ ਕੀਤਾ। ਪ੍ਰਦਰਸ਼ਨ ਕਰ ਰਹੇ ਦੁਕਾਨਦਾਰਾਂ ਅਤੇ ਮਜ਼ਦੂਰਾਂ ਦੀ ਸੋਮਵਾਰ ਨੂੰ ਪੁਲਸ ਨਾਲ ਝੜਪ ਹੋ ਗਈ। ਇਸ ਦੇ ਨਾਲ ਹੀ ਪ੍ਰਦਰਸ਼ਨਕਾਰੀਆਂ ਨੇ ਸ਼੍ਰੀ ਮਾਤਾ ਵੈਸ਼ਨੋ ਦੇਵੀ ਸ਼ਰਾਈਨ ਬੋਰਡ ਖਿਲਾਫ ਨਾਅਰੇਬਾਜ਼ੀ ਕੀਤੀ। ਜਦੋਂ ਪੁਲਸ ਨੇ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਦੋਵਾਂ ਵਿਚਾਲੇ ਝੜਪ ਹੋ ਗਈ, ਜਿਸ ਵਿੱਚ ਇੱਕ ਪੁਲਸ ਮੁਲਾਜ਼ਮ ਜ਼ਖ਼ਮੀ ਹੋ ਗਿਆ।
ਦੁਕਾਨਦਾਰਾਂ ਤੇ ਪਾਲਕੀ ਮਾਲਕਾਂ ਨੇ ਸ਼ੁਰੂ ਕੀਤੀ ਹੜਤਾਲ
ਪ੍ਰਦਰਸ਼ਨਕਾਰੀਆਂ ਨੇ ਪਹਿਲਾਂ ਮੈਜਿਸਟਰੇਟ ਦਫ਼ਤਰ ਦੇ ਬਾਹਰ ਧਰਨਾ ਦਿੱਤਾ। ਫਿਰ ਸ਼ਾਲੀਮਾਰ ਪਾਰਕ ਦੇ ਬਾਹਰ ਧਰਨਾ ਦਿੱਤਾ। ਪ੍ਰਦਰਸ਼ਨਕਾਰੀਆਂ ਨੇ ਪਹਿਲਾਂ ਸਿਰਫ 72 ਘੰਟਿਆਂ ਦੀ ਹੜਤਾਲ ਦਾ ਸੱਦਾ ਦਿੱਤਾ ਸੀ ਪਰ ਐਤਵਾਰ ਨੂੰ ਇਸ ਨੂੰ 24 ਘੰਟਿਆਂ ਤੱਕ ਵਧਾ ਦਿੱਤਾ ਗਿਆ। ਸ਼੍ਰੀ ਮਾਤਾ ਵੈਸ਼ਨੋ ਦੇਵੀ ਸ਼ਰਾਈਨ ਬੋਰਡ ਨੇ ਤਾਰਾਕੋਟ ਮਾਰਗ ਅਤੇ ਸਾਂਝੀ ਛੱਤ ਵਿਚਕਾਰ 12 ਕਿਲੋਮੀਟਰ ਲੰਬੇ ਰਸਤੇ 'ਤੇ 250 ਕਰੋੜ ਰੁਪਏ ਦੀ ਲਾਗਤ ਵਾਲੇ ਰੋਪਵੇਅ ਪ੍ਰੋਜੈਕਟ ਨੂੰ ਅੱਗੇ ਵਧਾਉਣ ਦਾ ਫੈਸਲਾ ਕੀਤਾ ਹੈ। ਇਸ ਤੋਂ ਬਾਅਦ ਦੁਕਾਨਦਾਰਾਂ ਅਤੇ ਪਾਲਕੀ ਮਾਲਕਾਂ ਨੇ ਹੜਤਾਲ ਸ਼ੁਰੂ ਕਰ ਦਿੱਤੀ।
ਦੁਕਾਨਦਾਰ ਅਤੇ ਮਜ਼ਦੂਰਾਂ ਨੂੰ ਰੋਜ਼ਗਾਰ ਖੁੱਸਣ ਦਾ ਡਰ
ਦੱਸ ਦੇਈਏ ਕਿ ਦੁਕਾਨਦਾਰਾਂ ਅਤੇ ਮਜ਼ਦੂਰਾਂ ਨੂੰ ਡਰ ਹੈ ਕਿ ਪ੍ਰੋਜੈਕਟ ਪੂਰਾ ਹੋਣ ਤੋਂ ਬਾਅਦ ਉਹ ਬੇਰੁਜ਼ਗਾਰ ਹੋ ਜਾਣਗੇ। ਇਸ ਕਾਰਨ ਸੋਮਵਾਰ ਨੂੰ ਤਣਾਅ ਹੋਰ ਵਧ ਗਿਆ। ਪ੍ਰਦਰਸ਼ਨਕਾਰੀਆਂ ਦੇ ਪ੍ਰਦਰਸ਼ਨ ਦੌਰਾਨ ਸੀਆਰਪੀਐਫ ਦੀ ਇੱਕ ਗੱਡੀ ਉੱਥੋਂ ਲੰਘ ਰਹੀ ਸੀ ਪਰ ਕੁਝ ਪ੍ਰਦਰਸ਼ਨਕਾਰੀ ਹਿੰਸਕ ਹੋ ਗਏ ਅਤੇ ਇਸ ਦੇ ਸ਼ੀਸ਼ੇ ਤੋੜ ਦਿੱਤੇ। ਪ੍ਰਦਰਸ਼ਨਕਾਰੀਆਂ ਨੇ ਪੁਲਸ 'ਤੇ ਇੱਟਾਂ ਰੋੜੇ ਵੀ ਸੁੱਟੇ।
ਨਵਾਂ ਪ੍ਰੋਜੈਕਟ ਸ਼ੁਰੂ ਹੋਣ ਤੋਂ ਬਾਅਦ ਇੱਕ ਘੰਟੇ ਵਿੱਚ ਕਟੜਾ ਤੋਂ ਮਾਤਾ ਦੇ ਭਵਨ ਤੱਕ ਪਹੁੰਚਿਆ ਜਾ ਸਕੇਗਾ
ਸ਼੍ਰੀ ਮਾਤਾ ਵੈਸ਼ਨੋ ਦੇਵੀ ਮੰਦਿਰ ਸ਼ਰਾਈਨ ਬੋਰਡ ਦੇ ਮੁੱਖ ਕਾਰਜਕਾਰੀ ਅਧਿਕਾਰੀ ਅੰਸ਼ੁਲ ਗਰਗ ਨੇ ਦੱਸਿਆ ਕਿ 250 ਕਰੋੜ ਰੁਪਏ ਦੀ ਲਾਗਤ ਵਾਲੇ ਨਵੇਂ ਰੋਪਵੇਅ ਪ੍ਰਾਜੈਕਟ ਨੂੰ ਹਰੀ ਝੰਡੀ ਮਿਲ ਗਈ ਹੈ। ਇਸ ਦੇ ਤਹਿਤ ਕਟੜਾ ਤੋਂ ਸਾਂਝੀ ਛਤ ਜਾਣ ਲਈ ਸਿਰਫ 6 ਮਿੰਟ ਦਾ ਸਮਾਂ ਲੱਗੇਗਾ। ਇਸ ਤੋਂ ਬਾਅਦ 45 ਤੋਂ 50 ਮਿੰਟ ਵਿੱਚ ਵੈਸ਼ਨੋ ਦੇਵੀ ਭਵਨ ਪਹੁੰਚਿਆ ਜਾ ਸਕਦਾ ਹੈ। ਫਿਲਹਾਲ ਸ਼ਰਧਾਲੂਆਂ ਨੂੰ ਮੰਦਿਰ ਤੱਕ ਪਹੁੰਚਣ ਲਈ 6-7 ਘੰਟੇ ਦਾ ਸਮਾਂ ਲੱਗਦਾ ਹੈ ਪਰ ਇਹ ਪ੍ਰੋਜੈਕਟ ਪੂਰਾ ਹੋਣ ਤੋਂ ਬਾਅਦ ਸ਼ਰਧਾਲੂਆਂ ਲਈ ਸਿਰਫ 1 ਘੰਟੇ ਦਾ ਸਮਾਂ ਲੱਗੇਗਾ। ਰੋਪਵੇਅ ਇੱਕ ਘੰਟੇ ਵਿੱਚ 1000 ਲੋਕਾਂ ਨੂੰ ਇੱਕ ਥਾਂ ਤੋਂ ਦੂਜੀ ਥਾਂ ਲੈ ਜਾ ਸਕੇਗਾ।
ਬਜ਼ੁਰਗਾਂ ਨੂੰ ਰਾਹਤ ਮਿਲੇਗੀ
SMVDSB ਦੇ ਸੀਈਓ ਅੰਸ਼ੁਲ ਗਰਗ ਨੇ ਕਿਹਾ ਕਿ ਰੋਪਵੇਅ ਯੋਜਨਾ ਮਾਤਾ ਵੈਸ਼ਨੋ ਦੇਵੀ ਦੇ ਦਰਸ਼ਨਾਂ ਲਈ ਆਉਣ ਵਾਲੇ ਸ਼ਰਧਾਲੂਆਂ ਲਈ ਇੱਕ ਪਰਿਵਰਤਨਸ਼ੀਲ ਪ੍ਰੋਜੈਕਟ ਹੋਵੇਗੀ। ਇਹ ਬਜ਼ੁਰਗ ਯਾਤਰੀਆਂ ਲਈ ਸਭ ਤੋਂ ਵੱਧ ਫਾਇਦੇਮੰਦ ਹੋਵੇਗਾ। ਗਰਗ ਨੇ ਕਟੜਾ 'ਚ ਪ੍ਰੈੱਸ ਕਾਨਫਰੰਸ 'ਚ ਇਹ ਐਲਾਨ ਕੀਤਾ ਹੈ।