ਜੰਮੂ-ਕਸ਼ਮੀਰ 'ਚ ਸ਼ਨੀਵਾਰ (18 ਮਈ) ਰਾਤ ਨੂੰ ਦੋ ਹਮਲੇ ਹੋਏ। ਪਹਿਲੀ ਘਟਨਾ ਵਿੱਚ ਅੰਤਨਾਗ ਦੇ ਪਹਿਲਗਾਮ ਨੇੜੇ ਇੱਕ ਸੈਲਾਨੀ ਜੋੜੇ ਨੂੰ ਗੋਲੀ ਮਾਰ ਦਿੱਤੀ ਗਈ। ਇਹ ਜੋੜਾ ਰਾਜਸਥਾਨ ਦੇ ਜੈਪੁਰ ਦਾ ਰਹਿਣ ਵਾਲਾ ਹੈ। ਦੋਵੇਂ ਇੱਕ ਰਿਜ਼ੋਰਟ ਵਿੱਚ ਠਹਿਰੇ ਹੋਏ ਸਨ। ਇਹ ਦੋਵੇਂ ਹਮਲੇ ਉਸ ਦਿਨ ਹੋਏ ਜਦੋਂ ਲੋਕ ਸਭਾ ਚੋਣਾਂ ਦੇ ਚੌਥੇ ਪੜਾਅ ਦਾ ਪ੍ਰਚਾਰ ਖਤਮ ਹੋਇਆ।
ਜੈਪੁਰ ਦਾ ਰਹਿਣ ਵਾਲਾ ਜੋੜਾ
ਔਰਤ ਦਾ ਨਾਂ ਫਰਾਹ ਅਤੇ ਪਤੀ ਦਾ ਨਾਂ ਤਬਰੇਜ਼ ਹੈ। ਪਤੀ ਦੇ ਸਿਰ ਵਿੱਚ ਗੋਲੀ ਲੱਗੀ ਹੈ। ਉਸ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਉਸ ਦੀ ਪਤਨੀ ਫਰਾਹ ਦੀ ਛਾਤੀ ਅਤੇ ਮੋਢੇ 'ਤੇ ਸੱਟਾਂ ਲੱਗੀਆਂ ਹਨ। ਉਸ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ। ਜਾਣਕਾਰੀ ਮੁਤਾਬਕ ਘਟਨਾ ਤੋਂ ਬਾਅਦ ਪਤੀ-ਪਤਨੀ ਨੂੰ ਨੇੜਲੇ ਹਸਪਤਾਲ 'ਚ ਭਰਤੀ ਕਰਵਾਇਆ ਗਿਆ। ਦੋਵਾਂ ਦੀ ਹਾਲਤ ਨੂੰ ਦੇਖਦੇ ਹੋਏ ਦੇਰ ਰਾਤ ਉਨ੍ਹਾਂ ਨੂੰ ਜੀਐਮਸੀ ਅਨੰਤਨਾਗ ਰੈਫਰ ਕਰ ਦਿੱਤਾ ਗਿਆ। ਇਸ ਤੋਂ ਬਾਅਦ ਐਤਵਾਰ ਸਵੇਰੇ ਦੋਹਾਂ ਨੂੰ ਸ਼੍ਰੀਨਗਰ ਦੇ ਹਸਪਤਾਲ 'ਚ ਸ਼ਿਫਟ ਕਰ ਦਿੱਤਾ ਗਿਆ।
ਇਸ ਘਟਨਾ ਤੋਂ ਥੋੜ੍ਹੀ ਦੇਰ ਬਾਅਦ ਅੱਤਵਾਦੀਆਂ ਨੇ ਰਾਤ ਕਰੀਬ ਸਾਢੇ 10 ਵਜੇ ਸ਼ੋਪੀਆਂ ਦੇ ਹੀਰਪੋਰਾ 'ਚ ਸਾਬਕਾ ਸਥਾਨਕ ਭਾਜਪਾ ਸਰਪੰਚ ਏਜਾਜ਼ ਅਹਿਮਦ ਸ਼ੇਖ ਨੂੰ ਗੋਲੀ ਮਾਰ ਦਿੱਤੀ। ਏਜਾਜ਼ ਅਹਿਮਦ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਦੀ ਮੌਤ ਹੋ ਗਈ। ਇਸ ਸਬੰਧੀ ਇਲਾਕੇ 'ਚ ਸਰਚ ਆਪਰੇਸ਼ਨ ਜਾਰੀ ਹੈ।
ਪੰਜਵੇਂ ਪੜਾਅ ਤਹਿਤ 20 ਮਈ ਨੂੰ ਚੋਣਾਂ ਹੋਣੀਆਂ ਹਨ
ਦੱਸ ਦੇਈਏ ਕਿ ਦੋਵੇਂ ਹਮਲੇ ਜੰਮੂ-ਕਸ਼ਮੀਰ ਵਿੱਚ ਉਸ ਸਮੇਂ ਹੋਏ ਹਨ ਜਦੋਂ ਧਾਰਾ 370 ਹਟਾਏ ਜਾਣ ਤੋਂ ਬਾਅਦ ਇੱਥੇ ਪਹਿਲੀ ਵਾਰ ਲੋਕ ਸਭਾ ਚੋਣਾਂ ਹੋ ਰਹੀਆਂ ਹਨ। ਭਲਕੇ 20 ਮਈ ਨੂੰ ਪੰਜਵੇਂ ਪੜਾਅ ਤਹਿਤ ਬਾਰਾਮੂਲਾ ਸੀਟ ਉੱਤੇ ਵੋਟਿੰਗ ਹੋਣੀ ਹੈ। ਅਨੰਤਨਾਗ ਰਾਜੌਰੀ ਸੀਟ 'ਤੇ ਛੇਵੇਂ ਪੜਾਅ 'ਚ 25 ਮਈ ਨੂੰ ਵੋਟਿੰਗ ਹੋਵੇਗੀ। ਊਧਮਪੁਰ ਅਤੇ ਜੰਮੂ ਵਿੱਚ 19 ਅਤੇ 26 ਅਪ੍ਰੈਲ ਨੂੰ ਵੋਟਿੰਗ ਹੋਈ ਹੈ। ਸ੍ਰੀਨਗਰ ਵਿੱਚ 13 ਮਈ ਨੂੰ ਵੋਟਿੰਗ ਹੋਈ ਸੀ।