ਜੰਮੂ-ਕਸ਼ਮੀਰ ਦੇ ਗੰਦਰਬਲ 'ਚ ਜ਼ੈੱਡ-ਮੋਡ ਸੁਰੰਗ ਦੇ ਕੈਂਪਸਾਇਟ ਨੇੜੇ ਨੂੰ ਅੱਤਵਾਦੀਆਂ ਨੇ ਗੈਰ-ਸਥਾਨਕ ਲੋਕਾਂ 'ਤੇ ਹਮਲਾ ਕੀਤਾ। ਇਸ ਵਿੱਚ ਇੱਕ ਡਾਕਟਰ ਸਮੇਤ 7 ਲੋਕਾਂ ਦੀ ਮੌਤ ਹੋ ਗਈ। ਚਾਰ ਮਜ਼ਦੂਰ ਬੁਰੀ ਤਰ੍ਹਾਂ ਜ਼ਖਮੀ ਹੋ ਗਏ ਹਨ। ਜਿਨ੍ਹਾਂ ਨੂੰ ਸ਼੍ਰੀਨਗਰ ਮੈਡੀਕਲ ਕਾਲਜ ਰੈਫਰ ਕਰ ਦਿੱਤਾ ਗਿਆ।
ਮ੍ਰਿਤਕਾਂ ਦੀ ਪਛਾਣ
ਇਸ ਘਟਨਾ ਤੋਂ ਬਾਅਦ ਸੁਰੱਖਿਆ ਬਲਾਂ ਨੇ ਪੂਰੇ ਇਲਾਕੇ ਨੂੰ ਘੇਰ ਲਿਆ ਹੈ। ਐਤਵਾਰ ਰਾਤ ਤੋਂ ਸ਼ੁਰੂ ਹੋਇਆ ਸਰਚ ਆਪਰੇਸ਼ਨ ਸੋਮਵਾਰ ਸਵੇਰੇ ਵੀ ਜਾਰੀ ਹੈ। ਪੁਲਸ ਨੇ ਦੱਸਿਆ ਕਿ ਡਾਕਟਰ ਦੀ ਪਛਾਣ ਬਡਗਾਮ ਦੇ ਸ਼ਾਹਨਵਾਜ਼ ਅਹਿਮਦ ਵਜੋਂ ਹੋਈ ਹੈ। ਬਾਕੀ 6 ਮ੍ਰਿਤਕਾਂ ਦੀ ਪਛਾਣ ਪੰਜਾਬ ਦੇ ਗੁਰਦਾਸਪੁਰ ਦੇ ਗੁਰਮੀਤ ਸਿੰਘ, ਅਨਿਲ ਕੁਮਾਰ ਸ਼ੁਕਲਾ ਅਤੇ ਫਹੀਮ ਨਜ਼ੀਰ ਬਿਹਾਰ, ਸ਼ਸ਼ੀ ਅਬਰੋਲ ਕਠੂਆ, ਮੁਹੰਮਦ ਹਨੀਫ ਅਤੇ ਕਲੀਮ ਬਿਹਾਰ ਵਜੋਂ ਹੋਈ ਹੈ।
ਸਾਰੇ ਮਜ਼ਦੂਰ ਸੁਰੰਗ ਪ੍ਰਾਜੈਕਟ ਕਰ ਰਹੇ ਸਨ ਕੰਮ
ਸਾਰੇ ਮਜ਼ਦੂਰ ਕੇਂਦਰ ਸਰਕਾਰ ਵੱਲੋਂ ਚਲਾਏ ਜਾ ਰਹੇ ਸੁਰੰਗ ਪ੍ਰਾਜੈਕਟ ਵਿੱਚ ਕੰਮ ਕਰ ਰਹੇ ਸਨ। ਇਸ ਦੇ ਨਾਲ ਹੀ ਇਸ ਹਮਲੇ ਤੋਂ 50 ਕਿਲੋਮੀਟਰ ਦੂਰ ਬਾਰਾਮੂਲਾ 'ਚ ਵੀ ਸੁਰੱਖਿਆ ਬਲਾਂ ਨੇ ਇਕ ਅੱਤਵਾਦੀ ਨੂੰ ਮਾਰ ਦਿੱਤਾ ਹੈ। ਉਸ ਕੋਲੋਂ ਭਾਰੀ ਮਾਤਰਾ ਵਿਚ ਹਥਿਆਰ ਵੀ ਬਰਾਮਦ ਹੋਏ ਹਨ। ਇਸ ਇਲਾਕੇ 'ਚ ਸਰਚ ਆਪਰੇਸ਼ਨ ਵੀ ਜਾਰੀ ਹੈ।
TRF ਨੇ ਲਈ ਜ਼ਿੰਮੇਵਾਰੀ
ਜਾਣਕਾਰੀ ਮੁਤਾਬਕ ਅੱਤਵਾਦੀ ਸੰਗਠਨ ਦ ਰੇਸਿਸਟੈਂਸ ਫਰੰਟ (ਟੀ.ਆਰ.ਐੱਫ.) ਨੇ ਅੱਤਵਾਦੀ ਹਮਲੇ ਦੀ ਜ਼ਿੰਮੇਵਾਰੀ ਲਈ ਹੈ। TRF ਲਸ਼ਕਰ-ਏ-ਤੋਇਬਾ ਦੀ ਹੀ ਇੱਕ ਸ਼ਾਖਾ ਹੈ।
ਦੱਸ ਦੇਈਏ ਕਿ ਜੰਮੂ-ਕਸ਼ਮੀਰ ਦੇ ਪੁੰਛ 'ਚ 2 ਦਿਨ ਪਹਿਲਾਂ ਸੁਰੱਖਿਆ ਬਲਾਂ ਨੇ 2 ਅੱਤਵਾਦੀਆਂ ਨੂੰ ਗ੍ਰਿਫਤਾਰ ਕੀਤਾ ਸੀ। ਇਸ ਤੋਂ ਇਲਾਵਾ ਉਨ੍ਹਾਂ ਕੋਲੋਂ 3 ਗ੍ਰੇਨੇਡ ਅਤੇ 1 ਪਿਸਤੌਲ ਵੀ ਬਰਾਮਦ ਹੋਇਆ ਹੈ। ਫੌਜ ਦੇ ਅਧਿਕਾਰੀਆਂ ਮੁਤਾਬਕ ਦੋਵੇਂ ਜੰਮੂ-ਕਸ਼ਮੀਰ ਗਜ਼ਨਵੀ ਫੋਰਸ ਨਾਂ ਦੇ ਸੰਗਠਨ ਨਾਲ ਜੁੜੇ ਹਾਈਬ੍ਰਿਡ ਅੱਤਵਾਦੀ ਹਨ।
ਹਾਈਬ੍ਰਿਡ ਅੱਤਵਾਦ ਬਾਰੇ ਜਾਣੋ
ਹਾਈਬ੍ਰਿਡ ਅੱਤਵਾਦੀ ਆਮ ਨਾਗਰਿਕਾਂ ਵਾਂਗ ਇਸ ਇਲਾਕੇ 'ਚ ਰਹਿੰਦੇ ਹਨ, ਪਰ ਉਹ ਗੁਪਤ ਰੂਪ 'ਚ ਅੱਤਵਾਦੀ ਗਤੀਵਿਧੀਆਂ 'ਚ ਹਿੱਸਾ ਲੈਂਦੇ ਹਨ ਜਾਂ ਅੱਤਵਾਦੀਆਂ ਦੀ ਮਦਦ ਕਰਦੇ ਹਨ। ਜਿਸ ਕਾਰਨ ਉਨ੍ਹਾਂ ਦੀ ਪਛਾਣ ਕਰਨੀ ਮੁਸ਼ਕਿਲ ਹੋ ਜਾਂਦੀ ਹੈ।
ਪੁਲਿਸ ਨੇ ਦੱਸਿਆ ਕਿ ਕੀ ਸੀ ਯੋਜਨਾ
ਦੱਸਿਆ ਜਾ ਰਿਹਾ ਹੈ ਕਿ ਦੋਵੇਂ ਅੱਤਵਾਦੀ ਸਰਹੱਦ ਪਾਰ ਪਾਕਿਸਤਾਨ 'ਚ ਬੈਠੇ ਅੱਤਵਾਦੀਆਂ ਦੇ ਸੰਪਰਕ 'ਚ ਸਨ। ਜੰਮੂ ਪੁਲਿਸ ਦੇ ਏਡੀਜੀਪੀ ਆਨੰਦ ਜੈਨ ਨੇ ਦੱਸਿਆ ਕਿ ਪੁੱਛਗਿੱਛ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਦੋਵੇਂ ਅੱਤਵਾਦੀ ਮੰਦਰ, ਸੈਨਾ ਦੇ ਟਿਕਾਣਿਆਂ ਅਤੇ ਇੱਕ ਹਸਪਤਾਲ 'ਤੇ ਗ੍ਰਨੇਡ ਸੁੱਟਣ ਦੀ ਯੋਜਨਾ ਬਣਾ ਰਹੇ ਸਨ।