ਪੰਜਾਬ ਦੇ ਰੂਪਨਗਰ ਤੋਂ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ। ਵੀਡੀਓ ਵਿੱਚ ਇੱਕ ਕਲਯੁਗੀ ਪੁੱਤਰ ਆਪਣੀ ਬਜ਼ੁਰਗ ਮਾਂ ਨੂੰ ਬੇਰਹਿਮੀ ਨਾਲ ਕੁੱਟ ਰਿਹਾ ਹੈ। ਦਿਲ ਦਹਿਲਾ ਦੇਣ ਵਾਲੀਆਂ ਤਸਵੀਰਾਂ ਸਾਹਮਣੇ ਆਈਆਂ ਹਨ।
ਕਲਯੁਗੀ ਪੁੱਤਰ ਪੇਸ਼ੇ ਤੋਂ ਵਕੀਲ
ਦੋਸ਼ੀ ਆਪਣੀ ਪਤਨੀ ਅਤੇ ਪੁੱਤਰ ਨਾਲ ਮਿਲ ਕੇ ਮਾਂ ਦੀ ਕੁੱਟਮਾਰ ਕਰਦਾ ਸੀ, ਜਿਸ 'ਤੇ ਬੇਟੀ ਨੇ ਇਕ NGO ਦੀ ਮਦਦ ਨਾਲ ਮਾਂ ਨੂੰ ਛੁਡਵਾਇਆ। ਮੀਡੀਆ ਰਿਪੋਰਟਾਂ ਮੁਤਾਬਕ ਦੋਸ਼ੀ ਪੁੱਤਰ ਪੇਸ਼ੇ ਤੋਂ ਵਕੀਲ ਹੈ, ਜਿਸ ਖਿਲਾਫ ਪੁਲਿਸ ਨੇ ਮਾਮਲਾ ਦਰਜ ਕਰਕੇ ਉਸ ਨੂੰ ਗ੍ਰਿਫਤਾਰ ਕਰ ਲਿਆ ਹੈ।
ਸੰਸਥਾ ਨੇ ਔਰਤ ਨੂੰ ਨਰਕ 'ਚੋਂ ਕੱਢਿਆ ਬਾਹਰ
ਰੂਪਨਗਰ ਦੇ ਪੌਸ਼ ਇਲਾਕੇ ਗਿਆਨੀ ਜ਼ੈਲ ਸਿੰਘ ਨਗਰ ਦੇ ਰਹਿਣ ਵਾਲੇ ਐਡਵੋਕੇਟ ਅੰਕੁਰ ਵਰਮਾ, ਉਸ ਦੀ ਪਤਨੀ ਅਤੇ ਨਾਬਾਲਗ ਪੁੱਤਰ ਨੇ ਬਜ਼ੁਰਗ ਵਿਧਵਾ ਮਾਂ 'ਤੇ ਤਸ਼ੱਦਦ ਕੀਤਾ ਹੈ। ਸੇਵਾਮੁਕਤ ਵਿਧਵਾ ਪ੍ਰੋਫੈਸਰ ਆਸ਼ਾ ਰਾਣੀ ਦੀ ਉਮਰ 73 ਸਾਲ ਹੈ। ਜਦੋਂ ਦੀਪਸ਼ਿਖਾ ਨੂੰ ਉਸ ਦੀ ਕੁੱਟਮਾਰ ਦਾ ਸ਼ੱਕ ਹੋਇਆ ਤਾਂ ਉਸ ਨੇ ਸੀਸੀਟੀਵੀ ਦੀ ਮਦਦ ਨਾਲ ਕੁੱਟਮਾਰ ਦੀਆਂ ਤਸਵੀਰਾਂ ਕੈਦ ਕਰ ਲਈਆਂ। ਬੇਟੀ ਦੀਪਸ਼ਿਖਾ ਨੇ ਇਸ ਬਾਰੇ ਸੇਵਾ ਟੂ ਹਿਊਮੈਨਿਟੀ ਸੰਸਥਾ ਨੂੰ ਜਾਣਕਾਰੀ ਦਿੱਤੀ। ਸੰਸਥਾ ਨੇ ਕਾਨੂੰਨੀ ਕਾਰਵਾਈ ਕਰਦਿਆਂ ਸਥਾਨਕ ਪ੍ਰਸ਼ਾਸਨ ਨਾਲ ਮਿਲ ਕੇ ਬਜ਼ੁਰਗ ਔਰਤ ਨੂੰ ਉਸ ਦੇ ਪੁੱਤਰ ਦੇ ਪਰਿਵਾਰ ਵਾਲਿਆਂ ਦੇ ਚੁੰਗਲ ਵਿੱਚੋਂ ਛੁਡਵਾਇਆ ਅਤੇ ਹਸਪਤਾਲ ਵਿੱਚ ਦਾਖ਼ਲ ਕਰਵਾਇਆ।
ਧੀ ਨੇ ਕੀਤੀ ਕਾਰਵਾਈ ਦੀ ਮੰਗ
ਮਾਨਵਤਾ ਸੇਵਾ ਸੰਸਥਾ ਦੇ ਆਗੂ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਆਪਣੀ ਅੱਠ ਸਾਲਾਂ ਦੀ ਸੇਵਾ ਦੌਰਾਨ ਅਜਿਹਾ ਕਦੇ ਨਹੀਂ ਦੇਖਿਆ ਜਿੱਥੇ ਕੋਈ ਪੜ੍ਹਿਆ-ਲਿਖਿਆ ਪਰਿਵਾਰ ਆਪਣੀ ਬਜ਼ੁਰਗ ਵਿਧਵਾ ਮਾਂ ਨਾਲ ਰਾਖਸ਼ਸ ਵਰਗਾ ਸਲੂਕ ਕਰਦਾ ਹੋਵੇ। ਬਜ਼ੁਰਗ ਔਰਤ ਦੀ ਧੀ ਨੇ ਕਾਰਵਾਈ ਦੀ ਮੰਗ ਕੀਤੀ ਹੈ।