ਸੰਗਰੂਰ ਵਿੱਚ ਚੋਣਾਂ ਨੂੰ ਲੈ ਕੇ ਪਾਰਟੀਆਂ ਵੱਲੋਂ ਵਿਰੋਧੀ ਕਾਰਵਾਈਆਂ ਕਰਨ ਵਾਲੇ ਆਗੂਆਂ ਖ਼ਿਲਾਫ਼ ਕਾਰਵਾਈ ਕੀਤੀ ਜਾ ਰਹੀ ਹੈ। ਸੰਗਰੂਰ ਦੇ ਦਿੜਬਾ 'ਚ ਕਾਂਗਰਸ ਨੇ ਪਾਰਟੀ ਆਗੂਆਂ 'ਤੇ ਕਾਰਵਾਈ ਕੀਤੀ ਹੈ, ਜਿਸ ਵਿੱਚ ਸਾਬਕਾ ਕੈਬਨਿਟ ਮੰਤਰੀ ਅਵਤਾਰ ਹੈਨਰੀ ਨੇ ਪੱਤਰ ਜਾਰੀ ਕਰ ਕੇ ਨਗਰ ਪੰਚਾਇਤ ਦੇ ਦੋ ਸਾਬਕਾ ਪ੍ਰਧਾਨਾਂ ਅਤੇ ਇੱਕ ਸਾਬਕਾ ਐਮ ਸੀ ਨੂੰ 5 ਸਾਲਾਂ ਲਈ ਪਾਰਟੀ ਵਿੱਚੋਂ ਬਰਖਾਸਤ ਕਰ ਦਿੱਤਾ ਹੈ।
5 ਸਾਲਾਂ ਲਈ ਕੱਢ ਦਿੱਤਾ ਗਿਆ
ਜਾਰੀ ਪੱਤਰ ਵਿੱਚ ਕਿਹਾ ਗਿਆ ਹੈ ਕਿ ਕਾਂਗਰਸ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵਲੋਂ ਸਿਫਾਰਸ਼ ਕਰਨ ਉਤੇ ਸਾਬਕਾ ਪ੍ਰਧਾਨ ਬਿੱਟੂ ਖਾਨ, ਸਾਬਕਾ ਪ੍ਰਧਾਨ ਜੱਗਾ ਦਾਸ ਅਤੇ ਸਾਬਕਾ ਐਮਸੀ ਸੁਖਵਿੰਦਰ ਕੌਰ ਪਤਨੀ ਪ੍ਰਗਟ ਸਿੰਘ ਨੂੰ ਪਾਰਟੀ ਵਿਚੋਂ ਕੱਢਿਆ ਜਾਂਦਾ ਹੈ। ਇਨ੍ਹਾਂ ਵਲੋਂ ਪਾਰਟੀ ਖ਼ਿਲਾਫ਼ ਵਿਰੋਧੀ ਗਤੀਵਿਧੀਆਂ ਕੀਤੀਆਂ ਜਾ ਰਹੀਆਂ ਸਨ। ਅਜਿਹੇ 'ਚ ਉਨ੍ਹਾਂ ਨੂੰ 5 ਸਾਲ ਲਈ ਕਾਂਗਰਸ ਪਾਰਟੀ 'ਚੋਂ ਕੱਢ ਦਿੱਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਨਗਰ ਪੰਚਾਇਤ ਦਿੜਬਾ ਤੋਂ ਕਾਂਗਰਸ ਪਾਰਟੀ ਦੀ ਟਿਕਟ 'ਤੇ ਚੋਣ ਲੜ ਰਹੇ ਉਮੀਦਵਾਰਾਂ ਨੇ ਇਸ ਦੀ ਸ਼ਿਕਾਇਤ ਪਾਰਟੀ ਹਾਈਕਮਾਂਡ ਨੂੰ ਕੀਤੀ ਸੀ।