ਖਬਰਿਸਤਾਨ ਨੈੱਟਵਰਕ- ਪੰਜਾਬ ਕਿੰਗਜ਼ ਨੇ ਮੁੰਬਈ ਨੂੰ ਸ਼ਿਕਸਤ ਦਿੰਦੇ ਹੋਏ 11 ਸਾਲਾਂ ਬਾਅਦ ਫਾਈਨਲ ਵਿਚ ਐਂਟਰੀ ਮਾਰੀ ਹੈ IPL 2025 ਦੇ ਕੁਆਲੀਫਾਇਰ-2 ਮੈਚ ਵਿਚ ਪੰਜਾਬ ਕਿੰਗਜ਼ ਨੇ ਮੁੰਬਈ ਇੰਡੀਅਨਜ਼ ਨੂੰ ਪੰਜ ਵਿਕਟਾਂ ਨਾਲ ਹਰਾ ਕੇ ਫਾਈਨਲ ਵਿੱਚ ਥਾਂ ਪੱਕੀ ਕੀਤੀ ਹੈ। ਕੁਆਲੀਫਾਇਰ-2 ਮੈਚ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਵਿਚ ਖੇਡਿਆ ਗਿਆ। ਕਪਤਾਨ ਸ਼੍ਰੇਅਸ ਨੇ ਆਪਣੀ ਬਿਹਤਰੀਨ ਪਾਰੀ ਨਾਲ ਟੀਮ ਨੂੰ ਜਿੱਤ ਦਿਵਾਈ | ਉਨ੍ਹਾਂ ਨੇ 41 ਗੇਂਦਾਂ 'ਤੇ 87 ਦੌੜਾਂ ਦੀ ਅਜੇਤੂ ਪਾਰੀ ਖੇਡੀ। ਇਸ ਪਾਰੀ ਵਿਚ 5 ਚੌਕੇ ਅਤੇ 8 ਛੱਕੇ ਸ਼ਾਮਲ ਸਨ।
ਮੁੰਬਈ ਇੰਡੀਅਨਜ਼ ਨੇ 204 ਦੌੜਾਂ ਦਾ ਦਿੱਤਾ ਸੀ ਟੀਚਾ
ਮੁੰਬਈ ਇੰਡੀਅਨਜ਼ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 20 ਓਵਰਾਂ ਵਿਚ 6 ਵਿਕਟਾਂ 'ਤੇ 203 ਦੌੜਾਂ ਬਣਾਈਆਂ ਸਨ। ਤਿਲਕ ਵਰਮਾ ਅਤੇ ਸੂਰਿਆਕੁਮਾਰ ਯਾਦਵ ਨੇ 44-44 ਦੌੜਾਂ ਬਣਾਈਆਂ, ਜਦਕਿ ਜੌਨੀ ਬੇਅਰਸਟੋ ਨੇ ਵੀ 38 ਰਨ ਬਣਾਏ। ਪੰਜਾਬ ਵਲੋਂ ਅਜ਼ਮਤੁੱਲਾ ਉਮਰਜ਼ਈ ਅਤੇ ਅਸ਼ਵਨੀ ਕੁਮਾਰ ਨੇ 2-2 ਵਿਕਟਾਂ ਲਈਆਂ।
11 ਸਾਲਾਂ ਬਾਅਦ ਫਾਈਨਲ ਖੇਡੇਗਾ ਪੰਜਾਬ
ਜਵਾਬੀ ਇਨਿੰਗਜ਼ ਦੌਰਾਨ, ਪੰਜਾਬ ਨੇ 19 ਓਵਰਾਂ ਵਿਚ 207 ਦੌੜਾਂ ਬਣਾ ਕੇ ਮੈਚ ਜਿੱਤ ਲਿਆ। ਸ਼੍ਰੇਅਸ ਦੇ ਇਲਾਵਾ, ਨੇਹਲ ਵਢੇਰਾ ਨੇ 48 ਅਤੇ ਜੋਸ਼ ਇੰਗਲਿਸ ਨੇ 38 ਦੌੜਾਂ ਦਾ ਯੋਗਦਾਨ ਦਿੱਤਾ। ਇਸ ਤਰ੍ਹਾਂ ਪੰਜਾਬ ਹੁਣ 11 ਸਾਲਾਂ ਬਾਅਦ ਫਾਈਨਲ ਖੇਡੇਗਾ। ਪੰਜਾਬ ਕਿੰਗਜ਼ ਨੇ 2014 ਵਿਚ ਫਾਈਨਲ ਖੇਡਿਆ ਸੀ। ਹੁਣ ਉਹ 3 ਜੂਨ ਨੂੰ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਵਿਚ ਰਾਇਲ ਚੈਲੇਂਜਰਜ਼ ਬੈਂਗਲੁਰੂ (RCB) ਨਾਲ ਮੁਕਾਬਲਾ ਕਰਨਗੇ।
ਮੀਂਹ ਕਾਰਣ ਦੇਰੀ ਨਾਲ ਸ਼ੁਰੂ ਹੋਇਆ ਮੈਚ
ਇਹ ਮੈਚ ਮੀਂਹ ਕਾਰਨ 2 ਘੰਟੇ 15 ਮਿੰਟ ਦੇਰੀ ਨਾਲ ਸ਼ੁਰੂ ਹੋਇਆ। ਟਾਸ ਹੋ ਚੁੱਕੀ ਸੀ ਪਰ ਮੈਚ ਸ਼ੁਰੂ ਹੋਣ ਤੋਂ ਠੀਕ ਪਹਿਲਾਂ ਮੀਂਹ ਆ ਗਿਆ। ਹਾਲਾਂਕਿ ਮੈਚ ਦੇ ਓਵਰਾਂ 'ਚ ਕੋਈ ਕਟੌਤੀ ਨਹੀਂ ਕੀਤੀ ਗਈ।
ਜ਼ਿਕਰਯੋਗ ਹੈ ਕਿ ਮੁੰਬਈ ਇੰਡੀਅਨਜ਼ ਨੇ ਐਲੀਮੀਨੇਟਰ ਵਿਚ ਗੁਜਰਾਤ ਨੂੰ ਹਰਾ ਕੇ ਇੱਥੇ ਤਕ ਦਾ ਸਫ਼ਰ ਤੈਅ ਕੀਤਾ ਸੀ, ਪਰ ਕਪਤਾਨ ਹਾਰਦਿਕ ਪੰਡਯਾ ਦੀ ਟੀਮ ਕੁਆਲੀਫਾਇਰ-2 ਤੋਂ ਅੱਗੇ ਨਹੀਂ ਵਧ ਸਕੀ ਤੇ ਮੈਚ ਹਾਰਨ ਤੋਂ ਬਾਅਦ ਉਹ ਬਾਹਰ ਹੋ ਗਈ।