ਦੇਸ਼ ਵਿੱਚ ਲੋਕ ਸਭਾ ਚੋਣਾਂ ਦਾ ਮੈਦਾਨ ਭਖਿਆ ਹੋਇਆ ਹੈ ਤੇ ਨੇਤਾਵਾਂ ਦਾ ਦਲ ਬਦਲਣ ਦਾ ਦੌਰ ਵੀ ਜਾਰੀ ਹੈ। ਇਸੇ ਵਿਚਕਾਰ ਜਲੰਧਰ ਤੋਂ ਕਾਂਗਰਸੀ ਉਮੀਦਵਾਰ ਤੇ ਸਾਬਕਾ ਸੀਐਮ ਚਰਨਜੀਤ ਸਿੰਘ ਚੰਨੀ ਭੋਗਪੁਰ ਪਹੁੰਚੇ। ਇਸ ਦੇ ਨਾਲ ਹੀ ਉਨ੍ਹਾਂ ਨੇ ਪੰਜਾਬ ਸਰਕਾਰ ਨੂੰ ਆੜੇ ਹੱਥੀਂ ਲਿਆ। ਚੰਨੀ ਨੇ ਕਿਹਾ ਕਿ ਸੂਬੇ ਵਿੱਚ ਵਿੱਤੀ ਐਮਰਜੈਂਸੀ ਦੇ ਹਾਲਾਤ ਪੈਦਾ ਹੋ ਗਏ ਹਨ।
ਚੰਨੀ ਨੇ ਕਿਹਾ ਕਿ ਮੁਲਾਜ਼ਮਾਂ ਨੂੰ ਤਨਖਾਹਾਂ ਨਹੀਂ ਮਿਲ ਰਹੀਆਂ। ਸਿਹਤ ਵਿਭਾਗ ਵਿੱਚ ਕਿਸੇ ਨੂੰ ਤਨਖਾਹ ਨਹੀਂ ਮਿਲ ਰਹੀ। ਪੰਜਾਬ ਵਿੱਚ ਵਿੱਤੀ ਸੰਕਟ ਆ ਗਿਆ ਹੈ ਅਤੇ ਦੇਸ਼ ਵਿੱਚ ਚੋਣ ਜ਼ਾਬਤਾ ਲਾਗੂ ਹੈ।
ਚੋਣਾਂ ਤੋਂ ਬਾਅਦ ਡਿੱਗੇਗੀ 'ਆਪ' ਸਰਕਾਰ
ਚੰਨੀ ਨੇ 'ਆਪ' ਸਰਕਾਰ 'ਤੇ ਸਵਾਲ ਚੁੱਕੇ ਹਨ। ਉਨ੍ਹਾਂ ਨੇ ਕਿਹਾ ਕਿ ਉਹ ਸੂਬੇ ਨੂੰ ਹੋਰ ਕਿੰਨਾ ਕਰਜ਼ੇ ਵਿੱਚ ਡੁੱਬਾਉਣਾ ਚਾਹੁੰਦੀ ਹੈ। ਪੰਜਾਬ ਉਤੇ ਰਹਿਮ ਕਰੋ। ਚੰਨੀ ਨੇ ਕਿਹਾ ਕਿ ਸਰਕਾਰ ਨੇ 2500 ਕਰੋੜ ਰੁਪਏ ਦਾ ਕਰਜ਼ਾ ਲਿਆ ਹੋਇਆ ਹੈ। ਉਨ੍ਹਾਂ ਦਾਅਵਾ ਕੀਤਾ ਕਿ ਲੋਕ ਸਭਾ ਚੋਣਾਂ ਤੋਂ ਬਾਅਦ ਇੱਕ ਮਹੀਨਾ ਵੀ ਨਾ ਚੱਲਣ ਵਾਲੀ ‘ਆਪ’ ਸਰਕਾਰ ਜਲਦੀ ਡਿੱਗ ਜਾਵੇਗੀ।
ਸਰਕਾਰ ਨੇ 2500 ਕਰੋੜ ਰੁਪਏ ਦਾ ਨਵਾਂ ਕਰਜ਼ਾ ਲਿਆ
ਦੱਸ ਦੇਈਏ ਕਿ 'ਆਪ' ਸਰਕਾਰ ਨੇ ਚੋਣ ਜ਼ਾਬਤੇ ਤਹਿਤ 2500 ਕਰੋੜ ਰੁਪਏ ਦਾ ਨਵਾਂ ਕਰਜ਼ਾ ਲਿਆ ਹੈ, ਜਿਸ ਦਾ ਭੁਗਤਾਨ 2027 ਤੱਕ ਵਿਆਜ ਸਮੇਤ ਕਰਨਾ ਹੋਵੇਗਾ। ਚੰਨੀ ਨੇ ਕਿਹਾ ਕਿ ਜਿੰਨੇ ਵੀ ਨੇਤਾ ਪਾਰਟੀਆਂ ਬਦਲ ਰਹੇ ਹਨ ਅਤੇ ਜੋ ਵੀ ਮੇਰਾ ਵਿਰੋਧ ਕਰ ਰਿਹਾ ਹੈ, ਮੈਂ ਓਨਾ ਹੀ ਤਾਕਤਵਰ ਬਣ ਰਿਹਾ ਹਾਂ।
2 ਸਾਲਾਂ 'ਚ ਲਿਆ 80 ਹਜ਼ਾਰ ਕਰੋੜ ਦਾ ਕਰਜ਼ਾ
ਚੰਨੀ ਨੇ ਕਿਹਾ ਕਿ ‘ਆਪ’ ਸਰਕਾਰ ਕਰਜ਼ੇ ਲੈ ਕੇ ਚੱਲ ਰਹੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੇ ਦੋ ਸਾਲਾਂ ਵਿੱਚ 80 ਹਜ਼ਾਰ ਕਰੋੜ ਰੁਪਏ ਦਾ ਕਰਜ਼ਾ ਲਿਆ ਹੈ। ਆਪ ਸਰਕਾਰ ਪੰਜਾਬ ਨੂੰ ਕਰਜ਼ਈ ਬਣਾ ਰਹੀ ਹੈ। ਚੰਨੀ ਨੇ ਕਿਹਾ ਕਿ ਆਰਥਿਕਤਾ ਇੰਨੀ ਹੇਠਾਂ ਜਾ ਚੁੱਕੀ ਹੈ ਕਿ ਸਰਕਾਰੀ ਮੁਲਾਜ਼ਮਾਂ ਨੂੰ ਅਜੇ ਵੀ ਤਨਖਾਹਾਂ ਨਹੀਂ ਮਿਲ ਰਹੀਆਂ।
ਰਿੰਕੂ ਤੇ ਟੀਨੂੰ ਉਤੇ ਵੀ ਸਾਧਿਆ ਨਿਸ਼ਾਨਾ
ਚੰਨੀ ਨੇ ਪਾਰਟੀਆਂ ਬਦਲਣ ਵਾਲੇ ਆਗੂਆਂ ਨੂੰ ਕਿਹਾ ਕਿ ਉਨ੍ਹਾਂ ਦਾ ਰੇਟ ਤੈਅ ਹੋ ਗਿਆ ਹੈ। ਸਵੇਰੇ ਕੋਈ ਹੋਰ ਆਉਂਦਾ ਤੇ ਸ਼ਾਮ ਨੂੰ ਕੋਈ ਹੋਰ ਆ ਕੇ ਲੈ ਜਾਂਦਾ। ਜਦੋਂ ਕਿ ਸੁਸ਼ੀਲ ਕੁਮਾਰ ਰਿੰਕੂ ਅਤੇ ਪਵਨ ਕੁਮਾਰ ਟੀਨੂੰ ਨੂੰ ਕਿਹਾ ਕਿ ਉਹ ਪਾਰਟੀਆਂ ਦੇ ਗੱਦਾਰ ਹਨ। ਕਦੇ ਇਧਰ ਜਾਂਦੇ ਹਨ ਤੇ ਕਦੇ ਉਧਰ। ਉਨ੍ਹਾਂ ਕਿਹਾ ਕਿ ਇਹ ਮੌਸਮ ਵਾਂਗ ਬਦਲ ਜਾਂਦੇ ਹਨ।