ਫਰੀਦਕੋਟ ਦੀ ਕੇਂਦਰੀ ਜੇਲ੍ਹ ਵਿੱਚ ਬੰਦ ਕੈਦੀਆਂ ਦੀ ਜੇਲ੍ਹ ਅੰਦਰ ਖੁੱਲ੍ਹੇਆਮ ਮੋਬਾਈਲ ਫ਼ੋਨ ਦੀ ਵਰਤੋਂ ਕਰਨ ਦੀ ਇੱਕ ਹੋਰ ਵੀਡੀਓ ਵਾਇਰਲ ਹੋ ਰਹੀ ਹੈ।ਇਕ ਕੈਦੀ ਨੇ ਜੇਲ੍ਹ ਅੰਦਰੋਂ ਸਿਗਰਟ ਪੀਂਦਿਆਂ ਦੀ ਰੀਲ ਬਣਾ ਕੇ ਸੋਸ਼ਲ ਮੀਡੀਆ 'ਤੇ ਅਪਲੋਡ ਕਰ ਦਿੱਤੀ, ਜਿਸ ਕੈਦੀ ਦੀ ਵੀਡੀਓ ਸਾਹਮਣੇ ਆਈ ਹੈ, ਉਸ ਦੀ ਪਛਾਣ ਰਾਜਨ ਵਜੋਂ ਹੋਈ ਹੈ, ਜੋ ਕਿ ਫ਼ਿਰੋਜ਼ਪੁਰ ਦਾ ਰਹਿਣ ਵਾਲਾ ਦੱਸਿਆ ਜਾਂਦਾ ਹੈ। ਉਸ 'ਤੇ ਕਈ ਗੰਭੀਰ ਮਾਮਲੇ ਦਰਜ ਹਨ।
ਪੁਲਸ ਪ੍ਰਸ਼ਾਸਨ 'ਤੇ ਉੱਠ ਰਹੇ ਹਨ ਸਵਾਲ
ਵੀਡੀਓ 'ਚ ਖੁਲਾਸਾ ਹੋਇਆ ਹੈ ਕਿ ਉਸ ਨੇ ਜੇਲ੍ਹ 'ਚ ਆਰਾਮ ਨਾਲ ਬੈਠ ਕੇ ਸਿਗਰਟ ਪੀਂਦੇ ਹੋਏ ਨਾ ਸਿਰਫ ਇਕ ਵੀਡੀਓ ਬਣਾਈ ਸਗੋਂ ਆਪਣੇ ਸੋਸ਼ਲ ਮੀਡੀਆ 'ਤੇ ਵੀ ਅਪਲੋਡ ਕਰ ਦਿੱਤੀ। ਦੱਸਿਆ ਜਾ ਰਿਹਾ ਹੈ ਕਿ ਕੱਲ੍ਹ ਹੀ ਫਰੀਦਕੋਟ ਜੇਲ ਦੇ ਅੰਦਰ ਮੋਬਾਇਲ ਫੋਨ ਰੱਖਣ ਦੇ ਦੋਸ਼ 'ਚ ਇਕ ਕੈਦੀ ਅਤੇ ਉਸ ਦੀ ਪਤਨੀ ਖਿਲਾਫ ਮਾਮਲਾ ਦਰਜ ਕਰਨ ਦੀ ਗੱਲ ਕਹੀ ਗਈ ਸੀ। ਜਿਸ ਤੋਂ ਬਾਅਦ ਇੱਕ ਹੋਰ ਕੈਦੀ ਦੀ ਵੀਡੀਓ ਸਾਹਮਣੇ ਆਉਣ ਨਾਲ ਪੁਲਸ ਪ੍ਰਸ਼ਾਸਨ ਦੀ ਕਾਰਜਪ੍ਰਣਾਲੀ 'ਤੇ ਸਵਾਲ ਖੜ੍ਹੇ ਹੋ ਗਏ ਹਨ।
ਪਤਨੀ ਆਪਣੇ ਪਤੀ ਨੂੰ ਮੋਬਾਈਲ ਅਤੇ ਸਿਮ ਪਹੁੰਚਾਉਂਦੀ ਸੀ
ਪੁਲਸ ਜਾਣਕਾਰੀ ਅਨੁਸਾਰ ਅੰਜੂ ਬਾਲਾ ਨਾਂ ਦੀ ਔਰਤ ਜੋ ਕਿ ਬਿਲਾਸਪੁਰ ਦੀ ਰਹਿਣ ਵਾਲੀ ਹੈ ਅਤੇ ਉਸ ਦਾ ਪਤੀ ਇੱਕ ਕੇਸ ਵਿੱਚ ਫ਼ਰੀਦਕੋਟ ਜੇਲ੍ਹ ਵਿੱਚ ਬੰਦ ਹੈ। ਅੰਜੂ ਬਾਲਾ ਫਰਜ਼ੀ ਦਸਤਾਵੇਜ਼ਾਂ 'ਤੇ ਮੋਬਾਈਲ ਫੋਨ ਅਤੇ ਸਿਮ ਕਾਰਡ ਖਰੀਦਦੀ ਸੀ। ਇਸ ਤੋਂ ਬਾਅਦ ਉਹ ਇਸ ਨੂੰ ਫਰੀਦਕੋਟ ਜੇਲ੍ਹ ਵਿੱਚ ਬੰਦ ਆਪਣੇ ਪਤੀ ਸੁਖਚੈਨ ਸਿੰਘ ਕੋਲ ਪਹੁੰਚਾਉਂਦੀ ਸੀ ਅਤੇ ਸੁਖਚੈਨ ਸਿੰਘ ਜੇਲ੍ਹ ਵਿੱਚ ਬੰਦ ਹੋਰਨਾਂ ਕੈਦੀਆਂ ਨੂੰ ਵੇਚ ਕੇ ਮੋਟਾ ਮੁਨਾਫ਼ਾ ਕਮਾਉਂਦਾ ਸੀ।
ਪੁਲਸ ਕਰ ਰਹੀ ਹੈ ਜਾਂਚ
ਮਾਮਲਾ ਪੁਲਸ ਦੇ ਧਿਆਨ ਵਿੱਚ ਆਉਣ ਤੋਂ ਬਾਅਦ ਜ਼ਿਲ੍ਹਾ ਪੁਲਸ ਨੇ ਅੰਜੂ ਬਾਲਾ ਅਤੇ ਉਸ ਦੇ ਪਤੀ ਸੁਖਚੈਨ ਸਿੰਘ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਪੁਲਸ ਨੇ ਦਾਅਵਾ ਕੀਤਾ ਹੈ ਕਿ ਅੰਜੂ ਬਾਲਾ ਨੂੰ ਜਲਦੀ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ ਅਤੇ ਜੇਲ੍ਹ ਵਿੱਚ ਬੰਦ ਉਸ ਦੇ ਪਤੀ ਸੁਖਚੈਨ ਸਿੰਘ ਨੂੰ ਵੀ ਪ੍ਰੋਡਕਸ਼ਨ ਵਾਰੰਟ 'ਤੇ ਲਿਆ ਕੇ ਪੁੱਛਗਿੱਛ ਕੀਤੀ ਜਾਵੇਗੀ। ਜੇਲ੍ਹ ਦੇ ਅੰਦਰ ਮੋਬਾਈਲ ਫ਼ੋਨ ਉਸ ਕੋਲ ਕਿਵੇਂ ਅਤੇ ਕਿਸ ਦੀ ਮਦਦ ਨਾਲ ਪਹੁੰਚ ਰਹੇ ਸਨ?