26 ਜਨਵਰੀ ਗਣਤੰਤਰ ਦਿਵਸ ਉਤੇ ਇਸ ਵਾਰ ਪੰਜਾਬ ਦੀ ਝਾਕੀ ਦਿਖਾਈ ਜਾ ਰਹੀ ਹੈ। ਦੱਸ ਦੇਈਏ ਕਿ ਦਿੱਲੀ ਦੇ ਕਰਤਵ ਪਥ ‘ਤੇ ਹੋਣ ਵਾਲੀ ਪਰੇਡ ‘ਚ ਪੰਜਾਬ ਦੀ ਝਾਕੀ ਨੂੰ ਸ਼ਾਮਲ ਕੀਤਾ ਗਿਆ ਹੈ।
ਇਹ ਝਾਕੀਆਂ ਆਉਣਗੀਆਂ ਨਜ਼ਰ
ਗਣਤੰਤਰ ਦਿਵਸ ਮੌਕੇ ਪੰਜਾਬ ਦੀ ਖੇਤੀ ਤੋਂ ਲੈ ਕੇ ਫੁਲਕਾਰੀ ਤੱਕ ਨੂੰ ਝਾਕੀ ਵਿੱਚ ਥਾਂ ਦਿੱਤੀ ਗਈ ਹੈ। ਝਾਕੀ ਬਾਬਾ ਸ਼ੇਖ ਫਰੀਦ ਨੂੰ ਸਮਰਪਤ ਹੈ। ਇਹ ਝਾਕੀ ਕਰੀਬ 21 ਦਿਨਾਂ ਦੀ ਮਿਹਨਤ ਤੋਂ ਬਾਅਦ ਤਿਆਰ ਕੀਤੀ ਗਈ ਹੈ। ਪਰੇਡ ਦੀ ਰਿਹਰਸਲ ਮੌਕੇ ਝਾਕੀ ਨੇ ਸਾਰਿਆਂ ਦੇ ਦਿਲਾਂ ਨੂੰ ਛੂਹ ਲਿਆ।
ਦੱਸ ਦੇਈਏ ਕਿ ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਵੀ ਇਸ ਝਾਕੀ ਨੂੰ ਦੇਖਣ ਪਹੁੰਚੇ ਸਨ। ਉਨ੍ਹਾਂ ਨੇ ਖੁਦ ਆਪਣੇ ਸੋਸ਼ਲ ਮੀਡੀਆ ਅਕਾਊਂਟ ਐਕਸ ‘ਤੇ ਇਸ ਨਾਲ ਜੁੜੀ ਫੋਟੋ ਅਤੇ ਜਾਣਕਾਰੀ ਸਾਂਝੀ ਕੀਤੀ। ਉਨ੍ਹਾਂ ਨੇ ਪੋਸਟ ਵਿੱਚ ਲਿਖਿਆ ਹੈ ਕਿ ਮੇਰਾ ਦਿਲ ਪੰਜਾਬ ਲਈ ਧੜਕਦਾ ਹੈ। ਝਾਕੀ ਮਨਮੋਹਕ ਹੈ। ਮੈਂ ਇਸ ਝਾਕੀ ਦੀਆਂ ਤਸਵੀਰਾਂ ਲੈਣ ਤੋਂ ਆਪਣੇ ਆਪ ਨੂੰ ਰੋਕ ਨਹੀਂ ਸਕਿਆ।
ਝਾਕੀ ਵਿੱਚ ਕੀ ਕੁਝ ਹੈ ਖਾਸ
ਪੰਜਾਬ ਦੀ ਝਾਕੀ ਨੂੰ ਚਾਰ ਹਿੱਸਿਆਂ ਵਿੱਚ ਦਿਖਾਇਆ ਗਿਆ ਹੈ। ਟ੍ਰੇਲਰ ਦੇ ਅਗਲੇ ਹਿੱਸੇ ਵਿੱਚ ਪੰਜਾਬ ਇੱਕ ਖੇਤੀਬਾੜੀ ਰਾਜ ਹੈ, ਇਸ ਲਈ ਪਹਿਲੇ ਹਿੱਸੇ ਵਿੱਚ ਬਲਦਾਂ ਦੀ ਇੱਕ ਜੋੜੀ ਹਲ ਚਲਾਉਂਦੀ ਦਿਖਾਈ ਦਿੰਦੀ ਹੈ ਜੋ ਕਿ ਇਸ ਗੱਲ ਦਾ ਪ੍ਰਤੀਕ ਹੈ ਕਿ ਦੇਸ਼ ਨੂੰ ਅਨਾਜ ਦੇ ਖੇਤਰ ਵਿੱਚ ਆਤਮਨਿਰਭਰ ਬਣਾਉਣ ਵਿੱਚ ਪੰਜਾਬ ਦਾ ਮਹੱਤਵਪੂਰਨ ਯੋਗਦਾਨ ਹੈ।
ਪੰਜਾਬ ਦਾ ਲੋਕ ਸੰਗੀਤ ਪੂਰੀ ਦੁਨੀਆ ਵਿੱਚ ਜਾਣਿਆ ਜਾਂਦਾ ਹੈ। ਲੋਕ ਸੰਗੀਤ ਦੇ ਇੱਕ ਦ੍ਰਿਸ਼ ਨੂੰ ਰਵਾਇਤੀ ਪਹਿਰਾਵੇ ਵਿੱਚ ਦਰਸਾਇਆ ਗਿਆ ਹੈ। ਇਸ ਵਿੱਚ ਕਲਾਕਾਰਾਂ ਨੂੰ ਪੰਜਾਬ ਦੇ ਪੁਰਾਣੇ ਸੰਗੀਤ ਯੰਤਰਾਂ ਨਾਲ ਦਿਖਾਇਆ ਗਿਆ ਹੈ।
ਝਾਕੀ ਦਾ ਤੀਜਾ ਹਿੱਸਾ ਵੀ ਬਹੁਤ ਮਹੱਤਵਪੂਰਨ ਹੈ। ਇਸ ਵਿੱਚ ਪੰਜਾਬ ਦੀ ਇੱਕ ਕੁੜੀ ਨੂੰ ਆਪਣੇ ਘਰ ਦੇ ਬਾਹਰ ਬੈਠੀ ਫੁਲਕਾਰੀ ਕੱਢਦੀ ਦਿਖਾਇਆ ਗਿਆ ਹੈ। ਇਹ ਪੰਜਾਬ ਦੀ ਪ੍ਰਾਚੀਨ ਵਿਰਾਸਤ ਨੂੰ ਦਰਸਾਉਂਦਾ ਹੈ।
ਝਾਕੀ ਦੇ ਚੌਥੇ ਹਿੱਸੇ ਵਿੱਚ ਪੰਜਾਬ ਦੇ ਪਹਿਲੇ ਪੰਜਾਬੀ ਕਵੀ ਬਾਬਾ ਸ਼ੇਖ ਫਰੀਦ ਨੂੰ ਦਰਸਾਇਆ ਗਿਆ ਹੈ। ਉਨ੍ਹਾਂ ਦੀ ਬਦੌਲਤ ਹੀ ਪੰਜਾਬੀ ਸਾਹਿਤ ਨਵੀਆਂ ਉਚਾਈਆਂ ਨੂੰ ਛੂਹ ਰਿਹਾ ਹੈ। ਟ੍ਰੇਲਰ ਵਾਲੇ ਹਿੱਸੇ ਵਿੱਚ ਪੰਜਾਬ ਦੀਆਂ ਔਰਤਾਂ ਦੁਆਰਾ ਘਰ ਵਿੱਚ ਬਣਾਏ ਗਏ ਮੈਟ ਪ੍ਰਦਰਸ਼ਿਤ ਕੀਤੇ ਗਏ ਹਨ। ਫੁਲਕਾਰੀ ਦੇ ਦ੍ਰਿਸ਼ ਵੀ ਹਨ।
ਪਿਛਲੇ ਸਾਲ ਪੰਜਾਬ ਦੀਆਂ ਝਾਕੀਆਂ ਨੂੰ ਦਿਖਾਉਣ ਤੋਂ ਕੀਤਾ ਗਿਆ ਸੀ ਮਨ੍ਹਾ
ਜ਼ਿਕਰਯੋਗ ਹੈ ਕਿ ਪਿਛਲੇ ਸਾਲ ਕੇਂਦਰ ਸਰਕਾਰ ਨੇ 26 ਜਨਵਰੀ ਦੀਆਂ ਝਾਕੀਆਂ ਨੂੰ ਰੱਦ ਕਰ ਦਿੱਤਾ ਸੀ ਅਤੇ ਰੱਖਿਆ ਮੰਤਰਾਲੇ ਨੇ ਇਹ ਵੀ ਕਿਹਾ ਸੀ ਕਿ ਪੰਜਾਬ ਦੀ ਝਾਕੀ ਦਿੱਲੀ ਵਿੱਚ ਹੋਣ ਵਾਲੇ ਭਾਰਤ ਪਰਵ ਵਿੱਚ ਭੇਜੀ ਜਾਵੇਗੀ। ਉਸ ਸਮੇਂ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਸੀ ਕਿ ਉਹ ਪੰਜਾਬ ਦੀ ਝਾਕੀ ਨੂੰ ਰੱਦ ਕੀਤੀ ਸ਼੍ਰੇਣੀ ਵਿੱਚ ਨਹੀਂ ਭੇਜਣਗੇ।
ਇਸ ਤੋਂ ਇਲਾਵਾ, ਪੰਜਾਬ ਦੀਆਂ ਝਾਕੀਆਂ ਸਿਰਫ਼ ਪੰਜਾਬ ਅਤੇ ਦਿੱਲੀ ਵਿੱਚ ਹੀ ਕੱਢੀਆਂ ਜਾਣਗੀਆਂ। ਤਾਂ ਜੋ ਲੋਕਾਂ ਨੂੰ ਪੰਜਾਬ ਦੇ ਅਮੀਰ ਵਿਰਸੇ ਤੋਂ ਜਾਣੂ ਕਰਵਾਇਆ ਜਾ ਸਕੇ। ਸੀਐਮ ਮਾਨ ਨੇ ਕਿਹਾ ਸੀ ਕਿ ਅਸੀਂ ਆਪਣੇ ਸ਼ਹੀਦ ਭਗਤ ਸਿੰਘ, ਸੁਖਦੇਵ ਸਿੰਘ, ਲਾਲਾ ਲਾਜਪਤ ਰਾਏ, ਊਧਮ ਸਿੰਘ ਮਾਈ ਭਾਗੋ, ਕਰਤਾਰ ਸਿੰਘ ਸਰਾਭਾ, ਗਦਰੀ ਬਾਬੇ ਅਤੇ ਮਹਾਰਾਜਾ ਰਣਜੀਤ ਸਿੰਘ ਦੀਆਂ ਕੁਰਬਾਨੀਆਂ ਦਾ ਸਤਿਕਾਰ ਕਰਨਾ ਜਾਣਦੇ ਹਾਂ।
ਝਾਕੀਆਂ ਨੂੰ ਪਿੰਡ-ਪਿੰਡ ਲਿਜਾਇਆ ਗਿਆ
ਪਿਛਲੇ ਸਾਲ ਝਾਕੀਆਂ ਨੂੰ ਰੱਦ ਕੀਤੇ ਜਾਣ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਨੇ ਹੁਕਮ ਦਿੱਤਾ ਸੀ ਕਿ 26 ਜਨਵਰੀ ਨੂੰ ਗਣਤੰਤਰ ਦਿਵਸ 'ਤੇ ਦਿੱਲੀ ਵਿੱਚ ਹੋਣ ਵਾਲੀ ਪਰੇਡ ਤੋਂ ਬਾਹਰ ਰਹਿ ਗਈਆਂ ਪੰਜਾਬ ਦੀਆਂ ਝਾਕੀਆਂ, ਆਉਣ ਵਾਲੀਆਂ ਲੋਕ ਸਭਾ ਚੋਣਾਂ ਤੱਕ ਸੂਬੇ ਦੀ ਹਰ ਗਲੀ ਅਤੇ ਮੁਹੱਲੇ ਵਿੱਚ ਦਿਖਾਈਆਂ ਜਾਣਗੀਆਂ।
ਪੰਜਾਬ ਸਰਕਾਰ ਨੇ ਯੋਜਨਾ ਬਣਾਈ ਸੀ ਕਿ ਇਨ੍ਹਾਂ ਝਾਕੀਆਂ ਨੂੰ ਪੰਜਾਬ ਭਰ ਵਿੱਚ ਉਸੇ ਅੰਦਾਜ਼ ਵਿੱਚ ਲਿਜਾਇਆ ਜਾਵੇਗਾ ਜਿਸ ਤਰ੍ਹਾਂ ਗਣਤੰਤਰ ਦਿਵਸ ਪਰੇਡ ਵਿੱਚ ਪ੍ਰਦਰਸ਼ਿਤ ਕੀਤਾ ਜਾਂਦਾ ਹੈ। ਇਨ੍ਹਾਂ ਨੂੰ ਟਰਾਲੀਆਂ 'ਤੇ ਸਹੀ ਢੰਗ ਨਾਲ ਸਜਾਇਆ ਗਿਆ ਸੀ ਅਤੇ ਹਰ ਵਿਧਾਨ ਸਭਾ ਹਲਕੇ ਦੇ ਹਰ ਪਿੰਡ ਵਿੱਚ ਲਿਜਾਇਆ ਗਿਆ ਸੀ।