ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਮੀਂਹ ਕਾਰਨ ਤਾਪਮਾਨ ਵਿੱਚ 1.7 ਡਿਗਰੀ ਦੀ ਗਿਰਾਵਟ ਦਰਜ ਕੀਤੀ ਗਈ ਹੈ। ਇਸ ਦੇ ਨਾਲ ਹੀ ਐਤਵਾਰ ਸ਼ਾਮ ਨੂੰ ਮੌਸਮ 'ਚ ਬਦਲਾਅ ਦੇਖਣ ਨੂੰ ਮਿਲ ਸਕਦਾ ਹੈ। 11 ਜ਼ਿਲ੍ਹਿਆਂ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ। ਸ਼ਨੀਵਾਰ (27 ਜੁਲਾਈ) ਨੂੰ ਪਏ ਮੀਂਹ ਕਾਰਨ ਲੋਕਾਂ ਨੂੰ ਕਾਫੀ ਰਾਹਤ ਮਿਲੀ।
ਹਿਮਾਚਲ ਪ੍ਰਦੇਸ਼ ਦੇ ਆਸ-ਪਾਸ ਦੇ ਇਲਾਕਿਆਂ ਵਿੱਚ ਪਿਛਲੇ ਕਈ ਦਿਨਾਂ ਤੋਂ ਮੀਂਹ ਪੈ ਰਿਹਾ ਹੈ, ਜਿਸ ਕਾਰਨ ਪੰਜਾਬ ਦੇ ਤਾਪਮਾਨ ਵਿੱਚ 1.7 ਡਿਗਰੀ ਦੀ ਗਿਰਾਵਟ ਆਈ ਹੈ ਪਰ ਔਸਤ ਤਾਪਮਾਨ ਅਜੇ ਵੀ ਆਮ ਨਾਲੋਂ 1.6 ਡਿਗਰੀ ਵੱਧ ਹੈ। ਬਠਿੰਡਾ ਵਿੱਚ ਤਾਪਮਾਨ 39.2 ਡਿਗਰੀ ਦਰਜ ਕੀਤਾ ਗਿਆ। ਫਤਿਹਗੜ੍ਹ ਸਾਹਿਬ ਵਿੱਚ ਵੱਧ ਤੋਂ ਵੱਧ ਤਾਪਮਾਨ 32.9 ਡਿਗਰੀ ਦਰਜ ਕੀਤਾ ਗਿਆ।
30 ਅਤੇ 31 ਜੁਲਾਈ ਨੂੰ ਮੀਂਹ ਪੈਣ ਦੀ ਸੰਭਾਵਨਾ
ਮੌਸਮ ਵਿਭਾਗ (IMD) ਵੱਲੋਂ ਜਾਰੀ ਅੰਕੜਿਆਂ ਅਨੁਸਾਰ ਪੰਜਾਬ ਦੇ 11 ਜ਼ਿਲ੍ਹਿਆਂ ਤਰਨਤਾਰਨ, ਫ਼ਿਰੋਜ਼ਪੁਰ, ਕਪੂਰਥਲਾ, ਮੋਗਾ, ਜਲੰਧਰ, ਲੁਧਿਆਣਾ, ਨਵਾਂਸ਼ਹਿਰ, ਰੂਪਨਗਰ, ਐਸਏਐਸ ਨਗਰ, ਫਤਿਹਗੜ੍ਹ ਸਾਹਿਬ ਅਤੇ ਪਟਿਆਲਾ ਵਿੱਚ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ। ਬਾਕੀ ਜ਼ਿਲ੍ਹਿਆਂ ਵਿੱਚ ਮੀਂਹ ਦੀ ਸੰਭਾਵਨਾ ਬਹੁਤ ਘੱਟ ਹੈ। ਮੌਸਮ ਵਿਗਿਆਨੀਆਂ ਨੇ 30 ਅਤੇ 31 ਜੁਲਾਈ ਨੂੰ ਮੀਂਹ ਪੈਣ ਦੀ ਭਵਿੱਖਬਾਣੀ ਕੀਤੀ ਹੈ।
ਦੂਜੇ ਰਾਜਾਂ ਦੀ ਸਥਿਤੀ
ਅਗਲੇ 24 ਘੰਟਿਆਂ ਦੌਰਾਨ ਪੂਰਬੀ ਰਾਜਸਥਾਨ, ਮੱਧ ਪ੍ਰਦੇਸ਼, ਛੱਤੀਸਗੜ੍ਹ, ਪੱਛਮੀ ਹਿਮਾਲਿਆ ਦੇ ਕੁਝ ਹਿੱਸਿਆਂ, ਉਪ-ਹਿਮਾਲਿਆ ਪੱਛਮੀ ਬੰਗਾਲ, ਸਿੱਕਮ, ਉੜੀਸਾ, ਕੋਂਕਣ ਅਤੇ ਗੋਆ, ਅੰਡੇਮਾਨ ਅਤੇ ਨਿਕੋਬਾਰ ਟਾਪੂਆਂ ਵਿੱਚ ਹਲਕੀ ਤੋਂ ਦਰਮਿਆਨੀ ਬਾਰਸ਼ ਦੀ ਸੰਭਾਵਨਾ ਹੈ।