ਲੁਧਿਆਣਾ 'ਚ ਮੀਂਹ ਅਤੇ ਰੇਲ ਗੱਡੀ ਦੇ ਗੁਜ਼ਰਨ ਸਮੇਂ ਪੈਦਾ ਹੋਈ ਕੰਪਨ ਕਾਰਨ 4 ਮਕਾਨ ਢਹਿ ਗਏ। ਮੀਂਹ ਵਿੱਚ ਇਕ ਮਾਸੂਮ ਦੀ ਮੌਤ ਹੋ ਗਈ। ਜਦਕਿ ਦੋ ਹੋਰ ਲੋਕ ਜ਼ਖਮੀ ਹੋ ਗਏ। ਦੱਸ ਦੇਈਏ ਕਿ ਪੰਜਾਬ ਦੇ ਕਈ ਇਲਾਕਿਆਂ 'ਚ ਸਵੇਰ ਤੋਂ ਹੀ ਠੰਡੀਆਂ ਹਵਾਵਾਂ ਨਾਲ ਮੀਂਹ ਪਿਆ। ਇਸ ਦੌਰਾਨ ਮੌਸਮ ਵਿਭਾਗ ਨੇ 8 ਜ਼ਿਲ੍ਹਿਆਂ ਲਈ ਆਰੇਂਜ ਅਲਰਟ ਅਤੇ 15 ਜ਼ਿਲ੍ਹਿਆਂ ਲਈ ਯੈਲੋ ਅਲਰਟ ਜਾਰੀ ਕੀਤਾ ਹੈ। ਨਾਲ ਹੀ ਕਿਸਾਨਾਂ ਨੂੰ ਆਪਣੀਆਂ ਫਸਲਾਂ ਨੂੰ ਸੁਰੱਖਿਅਤ ਥਾਵਾਂ 'ਤੇ ਰੱਖਣ ਦੀ ਸਲਾਹ ਦਿੱਤੀ ਗਈ ਹੈ।
ਜਿਨ੍ਹਾਂ ਮਕਾਨਾਂ ਦੀਆਂ ਕੰਧਾਂ ਡਿੱਗ ਗਈਆਂ ਉਹ ਰੇਲਵੇ ਟ੍ਰੈਕ ਦੇ ਕੰਢੇ ਹਨ, ਜਿੱਥੇ ਰੋਜ਼ਾਨਾ ਰੇਲ ਗੱਡੀਆਂ ਆਉਂਦੀਆਂ-ਜਾਂਦੀਆਂ ਰਹਿੰਦੀਆਂ ਹਨ, ਜਿਸ ਕਾਰਨ ਰੇਲ ਗੱਡੀਆਂ ਦੇ ਨਿਕਲਣ ਸਮੇਂ ਪੈਦਾ ਹੋਈ ਧਮਕ ਕਾਰਨ ਕੰਧਾਂ 'ਚ ਤਰੇੜਾਂ ਆ ਗਈਆਂ | ਰਣਜੀਤ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਰੇਲਵੇ ਟ੍ਰੈਕ ਦੇ ਨੇੜੇ ਰਹਿਣ ਵਾਲੇ ਲੋਕ ਬਹੁਤ ਹੀ ਗਰੀਬ ਪਰਿਵਾਰਾਂ ਦੇ ਹਨ। ਆਸ-ਪਾਸ ਹੋਰ ਵੀ ਕਈ ਮਕਾਨ ਹਨ, ਜਿਨ੍ਹਾਂ ਦੀਆਂ ਕੰਧਾਂ 'ਚ ਤਰੇੜਾਂ ਆ ਗਈਆਂ ਹਨ, ਉਨ੍ਹਾਂ ਨੂੰ ਮੀਂਹ ਦੌਰਾਨ ਕਾਫੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ।
ਸਰਕਾਰ ਅਤੇ ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਉਹ ਉਨ੍ਹਾਂ ਦੀ ਆਰਥਿਕ ਮਦਦ ਕਰੇ ਅਤੇ ਹਾਦਸੇ ਵਿੱਚ ਜ਼ਖ਼ਮੀ ਹੋਏ ਅਤੇ ਮ੍ਰਿਤਕਾਂ ਦੇ ਪਰਿਵਾਰਾਂ ਨੂੰ ਵੀ ਆਰਥਿਕ ਮੁਆਵਜ਼ਾ ਦਿੱਤਾ ਜਾਵੇ।
ਪੰਜਾਬ ਦੇ ਇਨ੍ਹਾਂ ਇਲਾਕਿਆਂ 'ਚ ਮੌਸਮ ਖ਼ਰਾਬ ਰਹੇਗਾ
ਮੌਸਮ ਵਿਭਾਗ ਨੇ 30 ਅਪ੍ਰੈਲ ਤੱਕ ਮੀਂਹ ਦਾ ਅਲਰਟ ਜਾਰੀ ਕੀਤਾ ਹੈ। ਪੰਜਾਬ ਦੇ ਸਰਦੂਲਗੜ੍ਹ, ਬੁਢਲਾਡਾ, ਲਹਿਰਾ, ਮਾਨਸਾ, ਸੁਨਾਮ, ਸੰਗਰੂਰ, ਬਰਨਾਲਾ, ਤਪਾ, ਧੂਰੀ, ਮਾਲੇਰਕੋਟਲਾ, ਮੂਨਕ, ਪਤਾਰਾ, ਸਮਾਣਾ, ਲੁਧਿਆਣਾ, ਨਾਭਾ, ਰਾਜਪੁਰਾ, ਫਤਿਹਗੜ੍ਹ ਸਾਹਿਬ, ਅਮਲੋਹ, ਤਲਵੰਡੀ ਸਾਬੋ, ਮਲੋਟ, ਬਠਿੰਡਾ, ਗਿੱਦੜਬਾਹਾ, ਰਾਜਪੁਰਾ, ਫੂਲ, ਜੈਤੋ, ਸ੍ਰੀ ਮੁਕਤਸਰ ਸਾਹਿਬ, ਖੰਨਾ, ਪਾਇਲ, ਲੁਧਿਆਣਾ ਪੂਰਬੀ, ਬਾਘਾ ਪੁਰਾਣਾ, ਫਰੀਦਕੋਟ, ਮੋਗਾ, ਫ਼ਿਰੋਜ਼ਪੁਰ, ਜੀਰਾ, ਨਿਹਾਲ ਸਿੰਘ ਵਾਲਾ, ਰਾਏਕੋਟ, ਜਗਰਾਓ, ਲੁਧਿਆਣਾ ਪੱਛਮੀ ਵਿੱਚ ਮੌਸਮ ਵਿੱਚ ਬਦਲਾਅ ਦੀ ਸੰਭਾਵਨਾ ਹੈ, ਜਿਸ ਕਾਰਨ ਇੱਥੇ ਤੇਜ਼ ਹਵਾਵਾਂ ਚੱਲਣ ਦਾ ਅਲਰਟ ਜਾਰੀ ਕੀਤਾ ਗਿਆ ਹੈ।