ਲੋਕ ਸਭਾ ਚੋਣਾਂ ਵਿਚ ਹਾਰ ਦਾ ਸਾਹਮਣਾ ਕਰਨ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਚ ਬਗਾਵਤ ਦੇ ਸੁਰ ਉੱਠਣੇ ਸ਼ੁਰੂ ਹੋ ਗਏ ਹਨ ਤੇ ਇਸ ਦੀ ਸ਼ੁਰੁਆਤ ਜਲੰਧਰ ਤੋਂ ਹੋਈ ਹੈ। ਅਕਾਲੀ ਜਥੇ ਦੇ ਮੈਂਬਰਾਂ ਵਲੋਂ ਕੀਤੀ ਮੀਟਿੰਗ ਵਿਚ ਮੈਂਬਰਾਂ ਨੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੋਂ ਅਸਤੀਫੇ ਦੀ ਮੰਗ ਕੀਤੀ ਹੈ ਅਤੇ ਜਲੰਧਰ ਲੋਕ ਸਭਾ ਉਮੀਦਵਾਰ ਮਹਿੰਦਰ ਸਿੰਘ ਕੇ ਪੀ ਤੇ ਵੀ ਕਈ ਸਵਾਲ ਖੜੇ ਕੀਤੇ ਗਏ।
ਪਾਰਟੀ ਨਾਲੋਂ ਬਾਦਲ ਸ਼ਬਦ ਹਟਾਉਣ ਦੀ ਵੀ ਮੰਗ
ਇਸ ਦੌਰਾਨ ਮੈਂਬਰਾਂ ਨੇ ਸ਼ਿਅਦ ਦੇ ਨਾਂ ਨਾਲੋਂ ਬਾਦਲ ਸ਼ਬਦ ਵੀ ਹਟਾਉਣ ਦੀ ਮੰਗ ਕੀਤੀ। ਇਹ ਮੀਟਿੰਗ ਜਲੰਧਰ ਦੇ ਸੋਢਲ ਨੇੜੇ ਸਥਿਤ ਗੁਰਦੁਆਰਾ ਸ੍ਰੀ ਗੁਰੂ ਸਿੰਘ ਛੌਣੀ ਨਿਹੰਗ ਸਿੰਘਾਂ ਵਿਚ ਕੀਤੀ ਗਈ।
ਅਕਾਲੀ ਦਲ ਦੀ ਮੀਟਿੰਗ ਭਲਕੇ 13 ਜੂਨ ਨੂੰ
ਜਲੰਧਰ ਵਿਚ ਹੋਈ ਮੀਟਿੰਗ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ 13 ਜੂਨ ਯਾਨੀ ਕਲ ਚੰਡੀਗੜ੍ਹ ਦੇ ਮੁਖ ਦਫਤਰ ਵਿਚ ਕੋਰ ਕਮੇਟੀ ਦੀ ਮੀਟਿੰਗ ਬੁਲਾਈ ਹੈ। ਕਿਹਾ ਜਾ ਰਿਹਾ ਹੈ ਕਿ ਮੀਟਿੰਗ ਵਿੱਚ ਹਾਲ ਹੀ ਵਿੱਚ ਹੋਈਆਂ ਲੋਕ ਸਭਾ ਚੋਣਾਂ ਬਾਰੇ ਡੂੰਘਾਈ ਨਾਲ ਵਿਚਾਰ-ਵਟਾਂਦਰਾ ਕੀਤਾ ਜਾਵੇਗਾ ਅਤੇ ਸੂਬੇ ਦੇ ਨਾਲ-ਨਾਲ ਦੇਸ਼ ਦੀ ਮੌਜੂਦਾ ਸਿਆਸੀ ਸਥਿਤੀ ਬਾਰੇ ਵੀ ਵਿਸਥਾਰ ਨਾਲ ਚਰਚਾ ਕੀਤੀ ਜਾਵੇਗੀ।
ਇਨ੍ਹਾਂ ਮੁੱਦਿਆਂ 'ਤੇ ਵੀ ਹੋਇਆ ਵਿਚਾਰ-ਵਟਾਂਦਰਾ
ਮੈਂਬਰਾਂ ਵਲੋਂ ਇਕ ਪ੍ਰਸਤਾਵ ਪਾਸ ਕੀਤਾ ਗਿਆ ਕਿ ਪਾਰਟੀ ਹਾਈਕਮਾਨ ਜਥੇਦਾਰ ਮੰਨਣ ਦਾ ਅਸਤੀਫਾ ਮਨਜ਼ੂਰ ਨਾ ਕਰਨ | ਮੀਟਿੰਗ ਚ ਨਗਰ ਨਿਗਮ, ਸਰਪੰਚੀ, ਜ਼ਿਲ੍ਹਾ ਪ੍ਰੀਸ਼ਦ, ਬਲਾਕ ਸਮਿਤੀ ਸਮੇਤ ਹੋਰ ਚੋਣਾਂ ਇਤੇ ਫੋਕਸ ਕਰਨ ਉਤੇ ਵੀ ਵਿਚਾਰ-ਵਟਾਂਦਰਾ ਕੀਤਾ ਗਿਆ।
ਰਾਸ਼ਟਰੀ ਉਪ ਪ੍ਰਧਾਨ ਟਰਾਂਸਪੋਰਟਰ ਮਨਜੀਤ ਸਿੰਘ ਸਮੇਤ ਸਾਰੇ ਮੈਂਬਰਾਂ ਨੇ ਇੱਕਜੁੱਟ ਹੋ ਕੇ ਕਿਹਾ ਕਿ ਅਕਾਲੀ ਦਲ ਨੂੰ ਪੰਥਕ ਸੀਟ ਖਡੂਰ ਸਾਹਿਬ ਅਤੇ ਫਰੀਦਕੋਟ ਸੀਟ ਤੇ ਸਰਬਜੀਤ ਖਾਲਸਾ ਅਤੇ ਭਾਈ ਅੰਮ੍ਰਿਤਪਾਲ ਦੀ ਹਿਮਾਇਤ ਕਰਨੀ ਚਾਹੀਦੀ ਸੀ ਇਹ ਇੱਕ ਵੱਡਾ ਕਾਰਨ ਰਿਹਾ ਕਿ ਅਕਾਲੀ ਦਲ ਦੀ ਪੰਥਕ ਵੋਟ ਦੂਜੇ ਪਾਸੇ ਸ਼ਿਫਟ ਹੋ ਗਈ ।
ਮਹਿੰਦਰ ਕੇਪੀ 'ਤੇ ਵੀ ਕੀਤੇ ਸਵਾਲ ਖੜ੍ਹੇ
ਸੈਕਰਟਰੀ ਜਨਰਲ ਸਰਬਜੀਤ ਪਨੇਸਰ ਨੇ ਮਹਿੰਦਰ ਕੇ ਪੀ ਉਤੇ ਕਈ ਸਵਾਲ ਖੜ੍ਹੇ ਕੀਤੇ ਅਤੇ ਨਾਲ ਹੀ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੋਂ ਵੀ ਅਸਤੀਫੇ ਦੀ ਮੰਗ ਕੀਤੀ। ਉਹਨਾਂ ਕਿਹਾ ਕਿ ਪੰਥ ਅਤੇ ਸੂਬੇ ਦੀ ਖੇਤਰੀ ਪਾਰਟੀ ਦਾ ਅੱਜ ਇਹ ਹਾਲ ਹੈ ਜਿਸ ਲਈ ਸੀਨੀਅਰ ਲੀਡਰਸ਼ਿਪ ਨੂੰ ਸੋਚਣ ਦੀ ਜ਼ਰੂਰਤ ਹੈ ਪਾਰਟੀ ਦੇ ਨਾਲ ਬਾਦਲ ਨਾਂ ਹਟਾ ਕੇ ਸਿਰਫ ਸ਼੍ਰੋਮਣੀ ਅਕਾਲੀ ਦਲ ਲਿਖਿਆ ਜਾਣਾ ਚਾਹੀਦਾ ਹੈ।
ਇਸੇ ਦੌਰਾਨ ਸੀਨੀਅਰ ਲੀਡਰ ਸੁਭਾਸ਼ ਸੌਂਦੀ ਨੇ ਕਿਹਾ ਕਿ ਮਹਿੰਦਰ ਸਿੰਘ ਕੇਪੀ ਨੇ ਚੋਣਾਂ ਦੇ ਦੌਰਾਨ ਆਪਣੇ ਘਰ ਨੂੰ ਹੀ ਹੈਡ ਆਫਿਸ ਬਣਾਇਆ ਸੀ ਉੱਥੇ ਸਿਰਫ ਸੱਤ ਤੋਂ ਅੱਠ ਲੋਕਾਂ ਦਾ ਹੀ ਖਾਣਾ ਬਣਾਇਆ ਜਾਂਦਾ ਸੀ ਇੱਥੇ ਤੱਕ ਕਿ ਅਕਾਲੀ ਦਲ ਦੇ ਨਾਲ ਕਈ ਸਾਲਾਂ ਤੋਂ ਜੁੜੇ ਲੋਕਾਂ ਨੂੰ ਪੁੱਛਿਆ ਵੀ ਨਹੀਂ ਗਿਆ | ਇਹ ਪਾਰਟੀ ਦੀ ਹਾਰ ਅਤੇ ਇਸ ਬੁਰੇ ਦੌਰ ਦਾ ਮੁੱਖ ਕਾਰਨ ਹੈ l
ਅਕਾਲੀ ਦਲ ਕਿਉਂ ਹੋ ਰਿਹਾ ਅਸਫਲ
ਇਸੇ ਦੌਰਾਨ ਅਡਵਾਈਜਰੀ ਕਮੇਟੀ ਦੇ ਮੈਂਬਰ ਅਮਰਜੀਤ ਕਿਸ਼ਨਪੁਰਾ ਨੇ ਕਿਹਾ ਕਿ ਅਕਾਲੀ ਦਲ ਲੋਕਾਂ ਦੀਆਂ ਭਾਵਨਾਵਾਂ ਨੂੰ ਨਹੀਂ ਸਮਝ ਸਕਿਆ | ਪਾਰਟੀ ਪੰਥਕ ਮੁੱਦਿਆਂ ਤੋਂ ਦੂਰ ਹੋ ਰਹੀ ਹੈ | ਇਸ ਦੌਰਾਨ ਭਜਨ ਲਾਲ ਚੋਪੜਾ ਐਸੀ ਵਿੰਗ ਦੇ ਪ੍ਰਧਾਨ ਨੇ ਕਿਹਾ ਕਿ ਕਾਂਗਰਸ ਲੋਕਾਂ ਨੂੰ ਇਹ ਸਮਝਾਉਣ ਦੇ ਵਿੱਚ ਕਾਮਯਾਬ ਹੋ ਰਹੀ ਹੈ ਕਿ ਭਾਜਪਾ ਸੰਵਿਧਾਨ ਚ ਛੇੜਛਾੜ ਕਰ ਰਹੀ ਹੈ ਅਤੇ ਕਿਸਾਨਾਂ ਨੂੰ ਐਮਐਸਪੀ ਦੇ ਨਾਲ ਕਰਜ਼ਾ ਮੁਆਫ ਵੀ ਕੀਤਾ ਜਾਵੇਗਾ | ਜਿਸ ਨਾਲ ਲੋਕਾਂ ਨੇ ਕਾਂਗਰਸ ਨੂੰ ਵੋਟ ਪਾਈ ਹੈ ਪਰ ਅਕਾਲੀ ਦਲ ਇਹ ਗੱਲ ਸਮਝਾਉਣ ਦੇ ਵਿੱਚ ਅਸਫਲ ਰਿਹਾ ਹੈ l
ਮੀਟਿੰਗ ਦੇ ਵਿੱਚ ਪੀਏਸੀ ਰਣਜੀਤ ਸਿੰਘ ਰਾਣਾ ਨੇ ਕਿਹਾ ਕਿ ਜ਼ਿਮਨੀ ਚੋਣਾਂ ਚ ਬਾਹਰ ਤੋਂ ਆਏ ਡਾਕਟਰ ਸੁਖੀ ਨੂੰ ਡੇਢ ਲੱਖ ਦੇ ਕਰੀਬ ਵੋਟ ਮਿਲੇ ਸੀ ਪਰ ਇਸ ਵਾਰ ਦਲ ਬਦਲੂ ਨੂੰ ਟਿਕਟ ਦਿੱਤੀ ਗਈ ਜਿਸ ਨਾਲ ਸ਼੍ਰੋਮਣੀ ਅਕਾਲੀ ਦਲ ਦਾ ਇਹ ਹਾਲ ਹੋਇਆ ਹੈ l
ਮਹਿਲਾ ਪ੍ਰਧਾਨ ਨੇ ਕਿਹਾ ਕਿ ਅਕਾਲੀ ਦਲ ਦੇ ਉਮੀਦਵਾਰ ਨੇ ਬਿਲਕੁਲ ਸਮਰਥਨ ਨਹੀਂ ਕੀਤਾ ਉਹ ਭਾਜਪਾ ਤੋਂ ਅਕਾਲੀ ਦਲ ਵਿੱਚ ਆਈ ਸੀ, ਜਿਸ ਤਰ੍ਹਾਂ ਭਾਜਪਾ ਨੇ ਸ਼ਹਿਰ ਵਿੱਚ ਰਣਨੀਤੀ ਅਪਣਾਈ ਅਕਾਲੀ ਦਲ ਇਸ ਤੋਂ ਕਾਫੀ ਦੂਰ ਰਿਹਾ ਅਤੇ ਇਸ ਵਾਰ ਚੋਣਾਂ ਦੇ ਵਿੱਚ ਡੋਰ ਟੂ ਡੋਰ ਪ੍ਰਚਾਰ ਬਿਲਕੁਲ ਵੀ ਨਹੀਂ ਕੀਤਾ ਗਿਆ। ਜਿਸ ਕਾਰਨ ਜਲੰਧਰ ਵਿਚ ਹਾਰ ਦਾ ਸਾਹਮਣਾ ਕਰਨਾ ਪਿਆ।