ਜੈਪੁਰ-ਦਿੱਲੀ ਹਾਈਵੇਅ 'ਤੇ ਸੋਮਵਾਰ ਸਵੇਰੇ ਰੋਡਵੇਜ਼ ਬੱਸ ਇਕ ਟਰਾਲੇ ਨਾਲ ਟਕਰਾਈ। ਜਿਸ ਕਾਰਨ ਬੱਸ 'ਚ ਸਵਾਰ ਪਤੀ-ਪਤਨੀ ਅਤੇ ਪੁੱਤਰ ਦੀ ਮੌਤ ਹੋ ਗਈ, ਜਦਕਿ 20 ਸਵਾਰੀਆਂ ਜ਼ਖਮੀ ਹੋ ਗਈਆਂ। ਇਹ ਹਾਦਸਾ ਜੈਪੁਰ ਦੇ ਸ਼ਾਹਪੁਰਾ 'ਚ ਅਲਵਰ ਕੱਟ ਨੇੜੇ ਵਾਪਰਿਆ। ਬੱਸ ਦਿੱਲੀ ਤੋਂ ਜੈਪੁਰ ਆ ਰਹੀ ਸੀ|
ਮਰਨ ਵਾਲੇ ਤਿੰਨੋਂ ਇੱਕ ਹੀ ਪਰਿਵਾਰ ਦੇ ਸਨ
ਹਾਦਸਾ ਇੰਨਾ ਭਿਆਨਕ ਸੀ ਕਿ ਧਮਾਕੇ ਦੀ ਆਵਾਜ਼ ਦੂਰ ਤੱਕ ਸੁਣਾਈ ਦਿੱਤੀ। ਦੱਸਿਆ ਜਾ ਰਿਹਾ ਹੈ ਕਿ ਰੋਡਵੇਜ਼ ਦਾ ਅਗਲਾ ਹਿੱਸਾ ਪੂਰੀ ਤਰ੍ਹਾਂ ਨਾਲ ਟਰਾਲੇ ਦੇ ਪਿਛਲੇ ਹਿੱਸੇ 'ਚ ਵੜ ਗਿਆ। ਮਰਨ ਵਾਲੇ ਤਿੰਨੋਂ ਇੱਕ ਹੀ ਪਰਿਵਾਰ ਨਾਲ ਸਬੰਧਤ ਸਨ। ਮ੍ਰਿਤਕਾਂ ਦੀ ਪਛਾਣ ਵਿਜੇ ਅਗਰਵਾਲ(40), ਉਸ ਦੀ ਪਤਨੀ ਟੀਨਾ ਅਗਰਵਾਲ?(35) ਅਤੇ ਪੁੱਤਰ ਪ੍ਰੀਤਮ ਅਗਰਵਾਲ(16) ਵਜੋਂ ਹੋਈ ਹੈ।
ਜ਼ਖ਼ਮੀਆਂ ਨੂੰ ਹਸਪਤਾਲ ਕਰਵਾਇਆ ਦਾਖਲ
ਸ਼ਾਹਪੁਰਾ ਪੁਲੀਸ ਨੇ ਹਾਈਵੇ ਪੁਲੀਸ ਦੀ ਮਦਦ ਨਾਲ ਜ਼ਖ਼ਮੀਆਂ ਨੂੰ ਬੱਸ ਵਿੱਚੋਂ ਬਾਹਰ ਕੱਢ ਕੇ ਹਸਪਤਾਲ ਵਿੱਚ ਦਾਖ਼ਲ ਕਰਵਾਇਆ। ਪੁਲੀਸ ਦੇ ਮੁਤਾਬਿਕ ਲਗਪਗ 20 ਲੋਕ ਜ਼ਖਮੀ ਹੋ ਗਏ , ਇਸ ਚ 11 ਲੋਕਾਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ ਜਿਨਾਂ ਨੂੰ ਜੈਪੁਰ ਰੈਫ਼ਰ ਕੀਤਾ ਗਿਆ |
ਹਾਦਸੇ ਤੋਂ ਬਾਅਦ ਲੱਗਿਆ ਜਾਮ
ਹਾਦਸੇ ਤੋਂ ਬਾਅਦ ਜੈਪੁਰ-ਦਿੱਲੀ ਨੈਸ਼ਨਲ ਹਾਈਵੇ 'ਤੇ ਜਾਮ ਲੱਗ ਗਿਆ। ਕਰੀਬ ਇੱਕ ਕਿਲੋਮੀਟਰ ਤੱਕ ਵਾਹਨਾਂ ਦੀ ਕਤਾਰ ਲੱਗਣ ਕਾਰਨ ਵਾਹਨ ਚਾਲਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਜ਼ਖ਼ਮੀਆਂ ਨੂੰ ਹਸਪਤਾਲ ਪਹੁੰਚਾਉਣ ਮਗਰੋਂ ਪੁਲੀਸ ਨੇ ਕਰੇਨ ਦੀ ਮਦਦ ਨਾਲ ਨੁਕਸਾਨੇ ਵਾਹਨਾਂ ਨੂੰ ਸੜਕ ਦੇ ਵਿਚਕਾਰੋਂ ਹਟਾਇਆ। ਇਸ ਦੌਰਾਨ ਕਰੀਬ ਇੱਕ ਘੰਟਾ ਟ੍ਰੈਫਿਕ ਜਾਮ ਰਿਹਾ। ਪੁਲੀਸ ਨੇ ਜਾਮ ਹਟਾ ਕੇ ਆਵਾਜਾਈ ਨੂੰ ਸੁਚਾਰੂ ਕਰਵਾਇਆ।