ਅੰਮ੍ਰਿਤਸਰ ਦੇ ਜਵਾਹਰ ਨਗਰ 'ਚ ਦੋ ਲੁਟੇਰਿਆਂ ਨੇ ਦਿਨ-ਦਿਹਾੜੇ ਇੱਕ ਮਨੀ ਚੇਂਜਰ ਤੋਂ 4.5 ਲੱਖ ਰੁਪਏ ਹਥਿਆਰ ਦੀ ਨੋਕ ਉਤੇ ਲੁੱਟ ਲਏ ਅਤੇ ਮੌਕੇ ਤੋਂ ਫ਼ਰਾਰ ਹੋ ਗਏ। ਘਟਨਾ ਬਾਰੇ ਪੀੜਤ ਦੀਪਕ ਨੇ ਦੱਸਿਆ ਕਿ ਉਹ ਨਕਦੀ ਲੈ ਕੇ ਬੈਂਕ ਵਿਚ ਜਮ੍ਹਾ ਕਰਵਾਉਣ ਜਾ ਰਿਹਾ ਸੀ ਕਿ ਇਸੇ ਦੌਰਾਨ ਦੋ ਨੌਜਵਾਨਾਂ ਨੇ ਉਸ ਨੂੰ ਹਥਿਆਰਾਂ ਸਮੇਤ ਘੇਰ ਲਿਆ ਅਤੇ ਲੁਟੇਰੇ ਉਸ ਕੋਲੋਂ ਨੋਟਾਂ ਨਾਲ ਭਰਿਆ ਬੈਗ ਖੋਹ ਕੇ ਫ਼ਰਾਰ ਹੋ ਗਏ।
ਬੈਂਕ 'ਚ ਜਮ੍ਹਾ ਕਰਵਾਉਣ ਜਾ ਰਿਹਾ ਸੀ ਪੈਸੇ
ਦੀਪਕ ਨੇ ਦੱਸਿਆ ਕਿ ਉਕਤ ਲੁਟੇਰਿਆਂ ਨੇ ਗੋਲੀਆਂ ਵੀ ਚਲਾਈਆਂ ਸਨ। ਉਹ ਪੈਸੇ ਜਮ੍ਹਾ ਕਰਵਾਉਣ ਲਈ ਪੰਜਾਬ ਨੈਸ਼ਨਲ ਬੈਂਕ ਜਾ ਰਿਹਾ ਸੀ। ਇਸ ਦੌਰਾਨ ਐਕਟਿਵਾ ਸਵਾਰ ਲੁਟੇਰਿਆਂ ਨੇ ਵਾਰਦਾਤ ਨੂੰ ਅੰਜਾਮ ਦਿੱਤਾ। ਮੈਨੂੰ ਕੰਪਨੀ ਵਿੱਚ ਕੰਮ ਕਰਦਿਆਂ ਨੂੰ 10 ਤੋਂ 12 ਸਾਲ ਹੋ ਗਏ ਹਨ। ਉਹ ਹਰ ਰੋਜ਼ ਪੈਸੇ ਲੈ ਕੇ ਇਸ ਰਸਤੇ ਤੋਂ ਆਉਂਦਾ-ਜਾਂਦਾ ਰਹਿੰਦਾ ਹੈ।
ਗੋਲੀਬਾਰੀ ਕਰਨ ਤੋਂ ਬਾਅਦ ਫਰਾਰ
ਪੁਲਸ ਅਧਿਕਾਰੀ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਦੀਪਕ ਨਾਂ ਦਾ ਨੌਜਵਾਨ ਦੁਕਾਨਾਂ ਤੋਂ ਕਲੈਕਸ਼ਨ ਦਾ ਕੰਮ ਕਰਦਾ ਹੈ। ਇਸ ਦੌਰਾਨ ਐਕਟਿਵਾ ਸਵਾਰ ਨੌਜਵਾਨਾਂ ਨੇ ਉਸ ਕੋਲੋਂ ਨਕਦੀ ਨਾਲ ਭਰਿਆ ਬੈਗ ਖੋਹ ਲਿਆ ਅਤੇ ਹਵਾ ਵਿੱਚ ਗੋਲੀਆਂ ਵੀ ਚਲਾ ਦਿੱਤੀਆਂ। ਪੁਲਸ ਨੇ ਦੱਸਿਆ ਕਿ ਮੁਲਜ਼ਮ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋ ਗਏ ਹਨ ਅਤੇ ਜਲਦੀ ਹੀ ਮੁਲਜ਼ਮਾਂ ਨੂੰ ਕਾਬੂ ਕਰ ਲਿਆ ਜਾਵੇਗਾ।