ਪਟਿਆਲਾ ਵਿਚ ਬੰਬ ਮਿਲਣ ਨਾਲ ਦਹਿਸ਼ਤ ਫੈਲ ਗਈ। ਦੱਸ ਦੇਈਏ ਕਿ ਇੱਕ ਸਕੂਲ ਨੇੜੇ ਕੂੜੇ ਦੇ ਢੇਰ ਤੋਂ 7 ਤੋਂ 8 ਬੰਬ ਮਿਲੇ ਹਨ। ਇਸ ਤੋਂ ਬਾਅਦ ਇਲਾਕੇ ਵਿੱਚ ਹੜਕੰਪ ਮਚ ਗਿਆ।ਲੋਕਾਂ ਨੇ ਘਟਨਾ ਬਾਰੇ ਪੁਲਸ ਨੂੰ ਸੂਚਿਤ ਕੀਤਾ। ਪੁਲਸ ਨੇ ਮੌਕੇ 'ਤੇ ਪਹੁੰਚ ਕੇ ਇਲਾਕੇ ਨੂੰ ਸੀਲ ਕਰ ਦਿੱਤਾ। ਬੰਬ ਸਕੁਐਡ ਟੀਮ ਨੂੰ ਵੀ ਮੌਕੇ 'ਤੇ ਬੁਲਾਇਆ ਗਿਆ ਹੈ
ਪੁਲਸ ਨੇ ਬੰਬ ਕੀਤੇ ਜ਼ਬਤ
ਦੱਸਿਆ ਜਾ ਰਿਹਾ ਹੈ ਕਿ ਇੱਕ ਰਾਹਗੀਰ ਨੇ ਰਾਕੇਟ ਲਾਂਚਰ ਬੰਬ ਦੇਖੇ, ਜਿਸ ਤੋਂ ਬਾਅਦ ਉਸ ਨੇ ਤੁਰੰਤ ਪੁਲਸ ਨੂੰ ਇਸ ਬਾਰੇ ਸੂਚਨਾ ਦਿੱਤੀ। ਪੁਲਸ ਨੇ ਇਲਾਕੇ ਨੂੰ ਸੀਲ ਕਰ ਦਿੱਤਾ ਅਤੇ ਫਿਰ ਬੰਬਾਂ ਨੂੰ ਆਪਣੇ ਕਬਜ਼ੇ ਵਿੱਚ ਲੈ ਕੇ ਥਾਣੇ ਲੈ ਗਈ। ਬੰਬ ਸਕੁਐਡ ਟੀਮ ਵੀ ਮੌਕੇ 'ਤੇ ਮੌਜੂਦ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਸਿਰਫ਼ ਰਾਕੇਟ ਲਾਂਚਰ ਬੰਬਾਂ ਦੇ ਗੋਲੇ ਹਨ।
ਫੌਜ ਦੀਆਂ ਟੀਮਾਂ ਵੀ ਬੁਲਾਈਆਂ
ਐਸਐਸਪੀ ਨਾਨਕ ਸਿੰਘ ਨੇ ਮੌਕੇ 'ਤੇ ਪਹੁੰਚ ਕੇ ਕਿਹਾ ਕਿ ਸਾਨੂੰ ਇੱਕ ਰਾਹਗੀਰ ਵੱਲੋਂ ਬੰਬ ਮਿਲਣ ਦੀ ਸੂਚਨਾ ਮਿਲੀ ਸੀ। ਟੀਮ ਨੂੰ 7 ਰਾਕੇਟ ਲਾਂਚਰ ਬੰਬ ਮਿਲਣ ਦੀ ਰਿਪੋਰਟ ਮਿਲੀ ਸੀ। ਇਸ ਤੋਂ ਬਾਅਦ ਬੰਬ ਸਕੁਐਡ ਮੌਕੇ 'ਤੇ ਪਹੁੰਚੀ ਅਤੇ ਜਾਂਚ ਕੀਤੀ। ਸ਼ੁਰੂਆਤੀ ਜਾਂਚ ਵਿੱਚ ਕੁਝ ਵੀ ਨਹੀਂ ਮਿਲਿਆ। ਫੌਜ ਨੂੰ ਇਸ ਬਾਰੇ ਸੂਚਿਤ ਕਰ ਦਿੱਤਾ ਗਿਆ ਹੈ। ਉਨ੍ਹਾਂ ਦੀਆਂ ਟੀਮਾਂ ਵੀ ਜਾਂਚ ਲਈ ਆ ਰਹੀਆਂ ਹਨ, ਇਹ ਟੀਮ ਪਤਾ ਲਗਾਏਗੀ ਕਿ ਇਹ ਬੰਬ ਗੋਲੇ ਕਿੰਨੇ ਪੁਰਾਣੇ ਹਨ।
ਚੰਡੀਗੜ੍ਹ ਵਿੱਚ ਵੀ ਬੰਬ ਮਿਲਿਆ ਸੀ
ਦੱਸ ਦੇਈਏ ਕਿ ਬੀਤੇ ਦਿਨੀਂ ਹੀ ਚੰਡੀਗੜ੍ਹ ਵਿੱਚ ਇੱਕ ਕਬਾੜ ਦੀ ਦੁਕਾਨ ਦੇ ਨੇੜਿਓਂ ਇੱਕ ਬੰਬ ਮਿਲਿਆ ਸੀ। ਇਹ ਬੰਬ ਜੰਗ ਦੇ ਸਮੇਂ ਦਾ ਸੀ। ਪੁਲਸ ਨੇ ਬੰਬ ਨੂੰ ਕਬਜ਼ੇ ਵਿੱਚ ਲੈ ਲਿਆ ਸੀ।