ਮੋਗਾ ਵਿਚ ਸੈਰ ਕਰ ਰਹੇ ਵਿਅਕਤੀ ਨੂੰ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਇਹ ਵਾਰਦਾਤ ਪਿੰਡ ਖੋਸਾ ਕੋਟਲਾ ਦੀ ਦੱਸੀ ਜਾ ਰਹੀ ਹੈ। ਜਾਣਕਾਰੀ ਅਨੁਸਾਰ 20 ਅਕਤੂਬਰ ਤੜਕੇ ਦੋ ਧਿਰਾਂ ਵਿਚਾਲੇ ਲੜਾਈ ਹੋ ਗਈ ਤੇ ਇਸ ਦੌਰਾਨ ਗੋਲੀਆਂ ਵੀ ਚਲਾਈਆਂ ਗਈਆਂ।
ਸਰਪੰਚ ਤੇ ਸਾਥੀ ਦਾ ਕਤਲ
ਇਸ ਵਾਰਦਾਤ ਵਿਚ ਦੋ ਵਿਅਕਤੀਆਂ ਦਾ ਕਤਲ ਕਰ ਦਿੱਤਾ ਗਿਆ। ਇਸ ਤੋਂ ਬਾਅਦ ਪਿੰਡ ਵਿੱਚ ਦਹਿਸ਼ਤ ਦਾ ਮਾਹੌਲ ਹੈ। ਵਾਰਦਾਤ ਸਵੇਰੇ 6 ਵਜੇ ਦੀ ਹੈ। ਦੱਸਿਆ ਜਾ ਰਿਹਾ ਹੈ ਕਿ ਪਿੰਡ ਵਿੱਚ ਆਪਸੀ ਰੰਜਿਸ਼ ਕਾਰਨ ਦੋ ਧਿਰਾਂ ਵਿਚਾਲੇ ਗੋਲੀਬਾਰੀ ਹੋਈ। ਇਸ ਵਿੱਚ ਪਿੰਡ ਦੇ ਸਰਪੰਚ ਤੇ ਉਸ ਦੇ ਸਾਥੀ ਦੀ ਗੋਲੀ ਲੱਗਣ ਕਾਰਨ ਮੌਤ ਹੋ ਗਈ।
ਮ੍ਰਿਤਕ ਕਾਂਗਰਸ ਪਾਰਟੀ ਦਾ ਮੌਜੂਦਾ ਸਰਪੰਚ ਸੀ
ਦੂਜੀ ਧਿਰ ਦੇ ਦੋ ਲੋਕ ਜ਼ਖਮੀ ਹੋ ਗਏ। ਜ਼ਖ਼ਮੀਆਂ ਨੂੰ ਮੋਗਾ ਦੇ ਸਰਕਾਰੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਇਸ ਘਟਨਾ ਵਿੱਚ ਸਰਪੰਚ ਵੀਰ ਸਿੰਘ ਅਤੇ ਪਿੰਡ ਵਾਸੀ ਰਣਜੀਤ ਸਿੰਘ ਦੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਬੀਰ ਸਿੰਘ ਕਾਂਗਰਸ ਪਾਰਟੀ ਦਾ ਮੌਜੂਦਾ ਸਰਪੰਚ ਸੀ। ਗੋਲੀ ਚਲਾਉਣ ਵਾਲੇ ਇੱਕੋ ਪਿੰਡ ਦੇ ਰਹਿਣ ਵਾਲੇ ਹਨ ਅਤੇ ਆਮ ਆਦਮੀ ਪਾਰਟੀ ਨਾਲ ਸਬੰਧਤ ਹਨ। ਪੁਲਸ ਮਾਮਲੇ ਦੀ ਜਾਂਚ ਵਿੱਚ ਜੁੱਟ ਗਈ ਹੈ।
ਕੀ ਕਹਿਣਾ ਪੁਲਸ ਦਾ
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪੁਲਸ ਅਧਿਕਾਰੀ ਨੇ ਦੱਸਿਆ ਕਿ ਉਨ੍ਹਾਂ ਨੂੰ ਸਵੇਰੇ 7.30 ਵਜੇ ਵਾਰਦਾਤ ਦੀ ਸੂਚਨਾ ਮਿਲੀ ਸੀ | ਪੁਲਸ ਨੇ ਦੱਸਿਆ ਕਿ ਗੋਲੀਬਾਰੀ ਵਿਚ ਦੋ ਲੋਕਾਂ ਦੀ ਮੌਤ ਹੋ ਗਈ ਜਦਕਿ ਦੋ ਹੋਰ ਲੋਕ ਜ਼ਖਮੀ ਹੋ ਗਏ। ਦੋਵਾਂ ਧਿਰਾਂ ਵਿੱਚ ਝਗੜੇ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ। ਇਸ ਸਬੰਧੀ ਕੇਸ ਦਰਜ ਕਰ ਲਿਆ ਗਿਆ ਹੈ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
15 ਤੋਂ 20 ਹਮਲਾਵਰਾਂ ਨੇ ਕੀਤਾ ਹਮਲਾ
ਇਸ ਦੌਰਾਨ ਜ਼ਖਮੀ ਹੋਏ ਵਿਅਕਤੀ ਨੇ ਦੱਸਿਆ ਕਿ ਪਿੰਡ 'ਚ ਧੜੇ ਬਣ ਗਏ ਹਨ, ਜਿਸ ਕਾਰਣ ਦੋਵੇਂ ਧਿਰਾਂ ਇਕੱਠੀਆਂ ਹੋਈਆਂ। ਪੀੜਤ ਨੇ ਦੱਸਿਆ ਕਿ ਇਹ ਝਗੜਾ ਪੁਰਾਣੀ ਰੰਜਿਸ਼ ਕਾਰਨ ਹੋਇਆ ਸੀ।ਇੱਕ ਵਿਅਕਤੀ ਨੇ ਦੱਸਿਆ ਕਿ ਸਰਪੰਚ ਅਤੇ ਹੋਰ ਲੋਕ ਸੈਰ ਕਰ ਕੇ ਵਾਪਸ ਆ ਰਹੇ ਸਨ। ਇਸ ਦੌਰਾਨ ਦੂਜੀ ਧਿਰ ਨੇ ਉਨ੍ਹਾਂ ਨੂੰ ਘੇਰ ਲਿਆ ਅਤੇ ਹਮਲਾ ਕਰ ਦਿੱਤਾ। ਉਕਤ ਵਿਅਕਤੀ ਨੇ ਦੱਸਿਆ ਕਿ ਗੋਲੀ ਚਲਾਉਣ ਵਾਲੇ ਆਪ ਪਾਰਟੀ ਨਾਲ ਸਬੰਧਤ ਸਨ। ਚਸ਼ਮਦੀਦਾਂ ਦਾ ਕਹਿਣਾ ਹੈ ਕਿ ਹਮਲਾਵਰ 15 ਤੋਂ 20 ਲੋਕ ਸਨ।