ਟੀਮ ਇੰਡੀਆ ਦੇ ਬੱਲੇਬਾਜ਼ ਸ਼ਿਖਰ ਧਵਨ ਨੇ ਸ਼ਨੀਵਾਰ ਸਵੇਰੇ ਅੰਤਰਰਾਸ਼ਟਰੀ ਕ੍ਰਿਕਟ ਦੇ ਤਿੰਨੋਂ ਫਾਰਮੈਟਾਂ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ। ਸ਼ਿਖਰ ਪਹਿਲੀ ਵਾਰ 2010 'ਚ ਆਸਟ੍ਰੇਲੀਆ ਖਿਲਾਫ ਵਨਡੇ ਟੀਮ 'ਚ ਸ਼ਾਮਲ ਹੋਏ ਸਨ।
ਉਨ੍ਹਾਂ ਨੇ ਸੋਸ਼ਲ ਮੀਡੀਆ ਪਲੇਟਫਾਰਮ 'ਐਕਸ' 'ਤੇ ਘਰੇਲੂ ਅਤੇ ਅੰਤਰਰਾਸ਼ਟਰੀ ਕ੍ਰਿਕਟ ਨੂੰ ਅਲਵਿਦਾ ਕਹਿ ਦਿੱਤਾ। ਉਨ੍ਹਾਂ ਨੇ ਵਿਡੀਉ ਜਾਰੀ ਕਰ ਕਿਹਾ ਕਿ "ਮੈਂ BCCI ਅਤੇ DDCA ਦਾ ਮੇਰੇ 'ਤੇ ਭਰੋਸਾ ਜਤਾਉਣ ਲਈ ਧੰਨਵਾਦ ਕਰਨਾ ਚਾਹਾਂਗਾ। ਮੈਂ ਆਪਣੇ ਪ੍ਰਸ਼ੰਸਕਾਂ ਦਾ ਵੀ ਧੰਨਵਾਦ ਕਰਦਾ ਹਾਂ, ਜਿਨ੍ਹਾਂ ਨੇ ਮੈਨੂੰ ਬਹੁਤ ਪਿਆਰ ਦਿੱਤਾ।"
37 ਸਾਲਾ ਧਵਨ ਨੇ ਭਾਰਤ ਲਈ 2010 ਵਿੱਚ ਡੈਬਿਊ ਕੀਤਾ ਸੀ। ਧਵਨ ਨੇ ਆਪਣੇ 13 ਸਾਲਾਂ ਦੇ ਕਰੀਅਰ ਵਿੱਚ, 34 ਟੈਸਟ, 167 ਵਨਡੇ ਅਤੇ 68 ਟੀ-20 ਮੈਚਾਂ ਵਿੱਚ ਭਾਰਤ ਦੀ ਨੁਮਾਇੰਦਗੀ ਕੀਤੀ ਹੈ।
2022 'ਚ ਖੇਡਿਆ ਸੀ ਆਖਰੀ ਅੰਤਰਰਾਸ਼ਟਰੀ ਮੈਚ
ਧਵਨ ਨੇ ਆਪਣਾ ਆਖਰੀ ਅੰਤਰਰਾਸ਼ਟਰੀ ਮੈਚ 10 ਦਸੰਬਰ 2022 ਨੂੰ ਬੰਗਲਾਦੇਸ਼ ਵਿਰੁੱਧ ਖੇਡਿਆ ਸੀ। ਵਨਡੇ ਫਾਰਮੈਟ ਦਾ ਇਹ ਮੈਚ ਚਟਗਾਂਵ ਵਿੱਚ ਖੇਡਿਆ ਗਿਆ ਸੀ। ਇਸ ਮੈਚ ਵਿੱਚ ਧਵਨ ਸਿਰਫ਼ ਤਿੰਨ ਦੌੜਾਂ ਹੀ ਬਣਾ ਸਕੇ ਸਨ। ਇਸੇ ਤਰ੍ਹਾਂ ਧਵਨ ਨੇ ਆਪਣਾ ਆਖਰੀ ਟੀ-20 ਮੈਚ 29 ਜੁਲਾਈ 2021 ਨੂੰ ਕੋਲੰਬੋ 'ਚ ਸ਼੍ਰੀਲੰਕਾ ਖਿਲਾਫ ਖੇਡਿਆ ਸੀ। ਉਹ ਇਸ ਮੈਚ ਵਿੱਚ ਆਪਣਾ ਖਾਤਾ ਵੀ ਨਹੀਂ ਖੋਲ੍ਹ ਸਕਿਆ। ਧਵਨ ਨੇ ਆਪਣਾ ਆਖਰੀ ਟੈਸਟ ਸਤੰਬਰ 2018 ਵਿੱਚ ਓਵਲ ਵਿੱਚ ਇੰਗਲੈਂਡ ਵਿਰੁੱਧ ਖੇਡਿਆ ਸੀ। ਇਸ ਮੈਚ ਦੀਆਂ ਦੋਵੇਂ ਪਾਰੀਆਂ ਵਿੱਚ ਤਿੰਨ ਅਤੇ ਇੱਕ ਰਨ ਬਣਾਏ ਸਨ।
2024 'ਚ ਪੰਜਾਬ ਕਿੰਗਜ਼ ਲਈ ਖੇਡਿਆ ਸੀ ਧਵਨ
ਸ਼ਿਖਰ ਪਹਿਲੇ ਸੀਜ਼ਨ ਤੋਂ ਆਈਪੀਐਲ ਨਾਲ ਜੁੜੇ ਹੋਏ ਹਨ। ਸੰਨਿਆਸ ਦਾ ਐਲਾਨ ਕਰਦੇ ਹੋਏ ਉਸ ਨੇ ਆਈਪੀਐਲ ਖੇਡਣ ਜਾਂ ਨਾ ਖੇਡਣ ਬਾਰੇ ਕੁਝ ਨਹੀਂ ਕਿਹਾ, ਜਿਸ ਤੋਂ ਪਤਾ ਚੱਲਦਾ ਹੈ ਕਿ ਉਹ ਆਈਪੀਐਲ ਖੇਡਣਾ ਜਾਰੀ ਰੱਖ ਸਕਦੇ ਹਨ । 2008 ਵਿੱਚ ਪਹਿਲੇ ਸੀਜ਼ਨ ਵਿੱਚ, ਉਸਨੇ ਰਾਜਸਥਾਨ ਰਾਇਲਜ਼ ਦੇ ਖਿਲਾਫ ਦਿੱਲੀ ਲਈ ਆਪਣਾ ਪਹਿਲਾ ਮੈਚ ਖੇਡਿਆ। ਆਖਰੀ ਮੈਚ ਪੰਜਾਬ ਕਿੰਗਜ਼ ਨੇ 2024 ਵਿੱਚ ਸਨਰਾਈਜ਼ਰਜ਼ ਹੈਦਰਾਬਾਦ ਖ਼ਿਲਾਫ਼ ਖੇਡਿਆ ਸੀ।
2012 'ਚ ਵਿਆਹ, 2023 'ਚ ਹੋਇਆ ਸੀ ਤਲਾਕ
ਸ਼ਿਖਰ ਧਵਨ ਨੇ 2012 'ਚ ਤਲਾਕਸ਼ੁਦਾ ਆਇਸ਼ਾ ਮੁਖਰਜੀ ਨਾਲ ਵਿਆਹ ਕੀਤਾ, ਜੋ ਉਸ ਤੋਂ 10 ਸਾਲ ਵੱਡੀ ਸੀ। ਆਇਸ਼ਾ ਦੀਆਂ ਪਹਿਲਾਂ ਹੀ ਦੋ ਬੇਟੀਆਂ ਸਨ। ਦੋਵਾਂ ਦੀ ਫੇਸਬੁੱਕ 'ਤੇ ਦੋਸਤੀ ਹੋਈ ਸੀ, ਜੋ ਪਿਆਰ 'ਚ ਬਦਲ ਗਈ। 2014 ਵਿੱਚ ਉਨ੍ਹਾਂ ਦੇ ਘਰ ਬੇਟੇ ਜ਼ੋਰਾਵਰ ਦਾ ਜਨਮ ਹੋਇਆ।
ਸ਼ਿਖਰ ਅਤੇ ਆਇਸ਼ਾ 2021 ਵਿੱਚ ਵੱਖ ਹੋ ਗਏ ਸਨ। ਆਇਸ਼ਾ ਨੇ ਸੋਸ਼ਲ ਮੀਡੀਆ 'ਤੇ ਇਕ ਪੋਸਟ 'ਚ ਸ਼ਿਖਰ ਤੋਂ ਆਪਣੇ ਤਲਾਕ ਬਾਰੇ ਲਿਖਿਆ ਸੀ।