ਪ੍ਰਯਾਗਰਾਜ ਮਹਾਕੁੰਭ ਦਾ ਅੱਜ 25ਵਾਂ ਦਿਨ ਹੈ। ਹੁਣ ਤੱਕ 40 ਕਰੋੜ ਸ਼ਰਧਾਲੂ ਇਸ਼ਨਾਨ ਕਰ ਚੁੱਕੇ ਹਨ। ਹੁਣ ਭੀੜ ਪਹਿਲਾਂ ਨਾਲੋਂ ਘੱਟ ਹੈ। ਇਸ ਦੌਰਾਨ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਪ੍ਰਯਾਗਰਾਜ ਪਹੁੰਚ ਗਏ ਹਨ। ਇਸ ਦੇ ਨਾਲ ਹੀ ਬਸੰਤ ਪੰਚਮੀ ਦੇ ਅੰਮ੍ਰਿਤ ਇਸ਼ਨਾਨ ਤੋਂ ਬਾਅਦ ਮਹਾਕੁੰਭ ਤੋਂ ਸਾਰੇ ਸੰਤਾਂ-ਮਹਾਂਪੁਰਸ਼ਾਂ ਦੀ ਰਵਾਨਗੀ ਵੀ ਸ਼ੁਰੂ ਹੋ ਗਈ ਹੈ। ਅਖਾੜਿਆਂ ਦੇ ਸਾਧੂ-ਸੰਤ ਆਪਣਾ ਸਮਾਨ ਸਮੇਟ ਰਹੇ ਹਨ।
ਮੇਲੇ 'ਚ ਬੈਰੀਕੇਡਿੰਗ ਹਟਾਈ ਗਈ
ਅੱਜ ਤੋਂ ਮੇਲੇ 'ਚ ਆਸ-ਪਾਸ ਦੇ ਵਾਹਨਾਂ ਅਤੇ ਸਾਈਕਲਾਂ ਨੂੰ ਐਂਟਰੀ ਦਿੱਤੀ ਜਾ ਰਹੀ ਹੈ। ਮੇਲੇ ਤੋਂ ਪਹਿਲਾਂ ਹੀ ਪਾਰਕਿੰਗ ਵਿੱਚ ਵਾਹਨ ਖੜ੍ਹੇ ਕੀਤੇ ਜਾ ਰਹੇ ਹਨ। ਇਸ ਦੇ ਨਾਲ ਹੀ ਹੁਣ ਸ਼ਰਧਾਲੂਆਂ ਨੂੰ ਕਾਰ ਪਾਰਕ ਕਰਕੇ ਸੰਗਮ ਘਾਟ ਤੱਕ ਪਹੁੰਚਣ ਲਈ ਕਰੀਬ 3 ਕਿਲੋਮੀਟਰ ਪੈਦਲ ਜਾਣਾ ਪਵੇਗਾ। ਭੀੜ ਹੁਣ ਇਕ ਤੋਂ ਵੱਧ ਰਸਤਿਆਂ ਰਾਹੀਂ ਵੱਖ-ਵੱਖ ਘਾਟਾਂ 'ਤੇ ਪਹੁੰਚ ਰਹੀ ਹੈ।
ਕੱਲ੍ਹ ਪੀਐਮ ਮੋਦੀ ਨੇ ਵੀ ਲਗਾਈ ਸੀ ਡੁਬਕੀ
ਲੋਕ ਉਤਸਾਹ ਨਾਲ ਮਹਾਕੁੰਭ ਵਿੱਚ ਸ਼ਰਧਾ ਨਾਲ ਇਸ਼ਨਾਨ ਕਰ ਰਹੇ ਹਨ। ਪੀਐਮ ਮੋਦੀ ਵੀ ਬੁੱਧਵਾਰ ਨੂੰ ਮਹਾਕੁੰਭ ਵਿੱਚ ਪਹੁੰਚੇ। ਉਨ੍ਹਾਂ ਨੇ ਸੰਗਮ ਵਿੱਚ ਇਸ਼ਨਾਨ ਕੀਤਾ ਅਤੇ ਪੂਜਾ ਕੀਤੀ।
26 ਫਰਵਰੀ ਤੱਕ ਚੱਲੇਗਾ ਮੇਲਾ ਮਹਾਕੁੰਭ
ਤੁਹਾਨੂੰ ਦੱਸ ਦੇਈਏ ਕਿ ਮਹਾਕੁੰਭ ਦੁਨੀਆ ਦੇ ਸਭ ਤੋਂ ਵੱਡੇ ਅਤੇ ਮਹੱਤਵਪੂਰਨ ਧਾਰਮਿਕ ਸਮਾਗਮਾਂ ਵਿੱਚੋਂ ਇੱਕ ਹੈ। ਇਹ ਹਰ 12 ਸਾਲਾਂ ਬਾਅਦ ਭਾਰਤ ਵਿੱਚ ਚਾਰ ਸਥਾਨਾਂ ਵਿੱਚੋਂ ਇੱਕ 'ਤੇ ਆਯੋਜਿਤ ਕੀਤਾ ਜਾਂਦਾ ਹੈ। ਦੱਸ ਦੇਈਏ ਕਿ ਮਹਾਕੁੰਭ ਮੇਲਾ 13 ਜਨਵਰੀ ਨੂੰ ਸ਼ੁਰੂ ਹੋ ਗਿਆ ਹੈ ਅਤੇ ਇਹ 26 ਫਰਵਰੀ ਤੱਕ ਚੱਲੇਗਾ।
ਅਯੁੱਧਿਆ ਰਾਮ ਮੰਦਰ ਟਰੱਸਟ ਨੇ ਸ਼ਰਧਾਲੂਆਂ ਦੀ ਵਧਦੀ ਗਿਣਤੀ ਨੂੰ ਦੇਖਦੇ ਹੋਏ ਸਮੇਂ 'ਚ ਬਦਲਾਅ ਕੀਤਾ ਹੈ। ਹੁਣ ਦਰਸ਼ਨ ਸਵੇਰੇ 6 ਵਜੇ ਤੋਂ ਰਾਤ 10 ਵਜੇ ਤੱਕ ਹੋਣਗੇ। ਇਸ ਦਾ ਮਤਲਬ ਹੈ ਕਿ ਹੁਣ ਮੰਦਰ ਰੋਜ਼ਾਨਾ ਕਰੀਬ 16 ਘੰਟੇ ਖੁੱਲ੍ਹਾ ਰਹੇਗਾ। ਮੰਗਲਾ ਆਰਤੀ ਸਵੇਰੇ 4 ਵਜੇ, ਸ਼ਿੰਗਾਰ ਆਰਤੀ ਸ਼ਾਮ 6 ਵਜੇ, ਸੰਧਿਆ ਆਰਤੀ ਸ਼ਾਮ 7 ਵਜੇ ਅਤੇ ਸ਼ਿਆਣ ਆਰਤੀ ਰਾਤ 10 ਵਜੇ ਹੋਵੇਗੀ।