ਜਲੰਧਰ ਨਿਵਾਸੀ ਦਵਿੰਦਰਜੀਤ ਸਿੰਘ ਵੀ ਉਨ੍ਹਾਂ 30 ਪੰਜਾਬੀਆਂ ਵਿਚ ਸ਼ਾਮਲ ਹੈ ਜੋ ਅਮਰੀਕਾ ਤੋਂ ਡਿਪੋਰਟ ਹੋ ਕੇ ਵਾਪਸ ਭਾਰਤ ਪਰਤੇ ਹਨ। ਫਿਲੌਰ ਦੇ ਲਾਂਡਰਾ ਦਾ ਰਹਿਣ ਵਾਲਾ ਦਵਿੰਦਰਜੀਤ ਦੇਰ ਰਾਤ ਆਪਣੇ ਘਰ ਪਹੁੰਚਿਆ। ਪਰ ਅੱਜ ਸਵੇਰ ਤੋਂ ਹੀ ਉਹ ਆਪਣਾ ਘਰ ਛੱਡ ਕੇ ਕਿਤੇ ਚਲਾ ਗਿਆ ਹੈ। ਉਸ ਨੇ ਇਸ ਬਾਰੇ ਆਪਣੇ ਪਰਿਵਾਰ ਨੂੰ ਵੀ ਨਹੀਂ ਦੱਸਿਆ। ਜਿਸ ਕਾਰਨ ਹੁਣ ਪਰਿਵਾਰ ਉਸ ਨੂੰ ਲੈ ਕੇ ਚਿੰਤਤ ਹੈ।
ਬਿਨਾਂ ਦੱਸੇ ਘਰ ਤੋਂ ਚਲਾ ਗਿਆ
ਦਵਿੰਦਰਜੀਤ ਦੀ ਮਾਂ ਬਲਬੀਰ ਕੌਰ ਦਾ ਕਹਿਣਾ ਹੈ ਕਿ ਉਸ ਦਾ ਲੜਕਾ 2 ਮਹੀਨੇ ਪਹਿਲਾਂ ਵਿਦੇਸ਼ ਗਿਆ ਸੀ। ਮਾਂ ਨੇ ਦੱਸਿਆ ਕਿ ਉਹ ਪਹਿਲਾਂ ਦੁਬਈ ਗਿਆ ਸੀ ਅਤੇ ਫਿਰ ਉਥੋਂ ਅਮਰੀਕਾ ਚਲਾ ਗਿਆ ਸੀ। ਦਵਿੰਦਰ 13 ਦਿਨ ਪਹਿਲਾਂ ਹੀ ਦੁਬਈ ਤੋਂ ਅਮਰੀਕਾ ਗਿਆ ਸੀ ਪਰ ਉਸ ਨੂੰ ਅਮਰੀਕਾ ਤੋਂ ਡਿਪੋਰਟ ਕਰ ਦਿੱਤਾ ਗਿਆ। ਅਮਰੀਕਾ ਤੋਂ ਡਿਪੋਰਟ ਹੋਣ ਤੋਂ ਬਾਅਦ ਉਹ ਰਾਤ ਨੂੰ ਘਰ ਪਰਤਿਆ। ਘਰ ਪਹੁੰਚ ਕੇ ਉਸ ਨੇ ਕਿਸੇ ਨਾਲ ਗੱਲ ਨਹੀਂ ਕੀਤੀ। ਸਵੇਰੇ 5 ਵਜੇ ਉੱਠਿਆ ਅਤੇ ਬਿਨਾਂ ਕਿਸੇ ਨੂੰ ਕੁਝ ਦੱਸੇ ਸਾਈਕਲ 'ਤੇ ਚਲਾ ਗਿਆ। ਜਿਸ ਤੋਂ ਬਾਅਦ ਉਸ ਦਾ ਕੋਈ ਦਾ ਕੋਈ ਪਤਾ ਨਹੀਂ ਲੱਗਾ।
ਪਰਿਵਾਰ ਨੇ ਪੁਲਿਸ ਨੂੰ ਕੀਤੀ ਸ਼ਿਕਾਇਤ
ਕਾਫੀ ਦੇਰ ਤੱਕ ਦਵਿੰਦਰਜੀਤ ਦੀ ਭਾਲ ਕਰਨ ਤੋਂ ਬਾਅਦ ਪਰਿਵਾਰ ਨੇ ਪੁਲਸ ਨੂੰ ਸ਼ਿਕਾਇਤ ਕੀਤੀ। ਪਰਿਵਾਰ ਹੁਣ ਉਸ ਨੂੰ ਲੈ ਕੇ ਚਿੰਤਤ ਹੈ ਅਤੇ ਰੋ-ਰੋ ਕੇ ਬੁਰਾ ਹਾਲ ਹੈ। ਪਰਿਵਾਰ ਵਿੱਚ ਦਵਿੰਦਰਜੀਤ ਦੇ ਪਿਤਾ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ। ਜਦੋਂਕਿ ਉਸ ਦੀਆਂ ਦੋ ਭੈਣਾਂ ਅਤੇ ਭਰਾ ਵਿਆਹੇ ਹੋਏ ਹਨ।